ਕੈਨੇਡਾ 'ਚ ਮੌਸਮ ਨੇ ਬਦਲੇ ਮਿਜਾਜ਼, ਜਾਰੀ ਕੀਤੀ ਗਈ ਚਿਤਾਵਨੀ

06/17/2018 2:51:43 PM

ਟੋਰਾਂਟੋ— ਕੈਨੇਡਾ 'ਚ ਮੌਸਮ ਨੇ ਆਪਣਾ ਮਿਜਾਜ਼ ਬਦਲ ਲਿਆ ਹੈ ਅਤੇ ਹੁਣ ਇੱਥੇ ਗਰਮੀ ਵਧਣ ਲੱਗ ਗਈ ਹੈ। ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ 'ਚ ਸਭ ਤੋਂ ਵਧ ਗਰਮੀ ਪੈਣ ਵਾਲੀ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਚਿਤਾਵਨੀ ਜਾਰੀ ਕੀਤੀ ਕਿ ਗਰਮ ਮੌਸਮ ਅਤੇ ਖੁਸ਼ਕ ਹਵਾਵਾਂ ਤੋਂ ਲੋਕ ਬਚਣ ਦੀ ਕੋਸ਼ਿਸ਼ ਕਰਨ। ਮੌਸਮ ਵਿਭਾਗ ਮੁਤਾਬਕ ਐਤਵਾਰ ਅਤੇ ਸੋਮਵਾਰ ਨੂੰ ਸਵੇਰ ਦੇ ਸਮੇਂ 31 ਡਿਗਰੀ ਸੈਲਸੀਅਸ ਤੋਂ 21 ਡਿਗਰੀ ਸੈਲਸੀਅਸ ਵਿਚਕਾਰ ਤਾਪਮਾਨ ਰਹੇਗਾ। ਕੁੱਝ ਇਲਾਕਿਆਂ 'ਚ ਹਿਊਮੀਡੈਕਸ ਵੈਲਿਊ (ਗਰਮੀ ਤੇ ਨਮੀ ਦਾ ਮੇਲ) 40 ਦੇ ਨੇੜੇ ਪੁੱਜ ਸਕਦੀ ਹੈ। ਅਧਿਕਾਰੀਆਂ ਮੁਤਾਬਕ ਟੋਰਾਂਟੋ ਅਤੇ ਦੱਖਣੀ ਓਂਟਾਰੀਓ 'ਚ ਲੋਕਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ।
ਮੌਸਮ ਵਿਭਾਗ  ਨੇ ਚਿਤਾਵਨੀ ਦਿੰਦਿਆਂ ਕਿਹਾ,''ਗਰਮੀ ਵਧਣ ਕਾਰਨ ਸਭ ਤੋਂ ਵਧ ਪ੍ਰਭਾਵ ਛੋਟੇ ਬੱਚਿਆਂ, ਗਰਭਵਤੀ ਔਰਤਾਂ, ਬਜ਼ੁਰਗਾਂ, ਮਰੀਜ਼ਾਂ ਅਤੇ ਬਾਹਰ ਕੰਮ ਕਰਨ ਵਾਲਿਆਂ 'ਤੇ ਪਵੇਗਾ, ਇਸ ਲਈ ਉਨ੍ਹਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਇਹ ਧਿਆਨ ਰੱਖਣ ਦੀ ਵੀ ਜ਼ਰੂਰਤ ਹੈ ਕਿ ਉਹ ਬੱਚਿਆਂ ਅਤੇ ਆਪਣੇ ਪਾਲਤੂ ਜਾਨਵਰਾਂ ਨੂੰ ਪਾਰਕ ਕੀਤੇ ਵਾਹਨਾਂ 'ਚ ਛੱਡ ਕੇ ਨਾ ਜਾਣ, ਕਿਉਂਕਿ ਤੇਜ਼ ਗਰਮੀ ਕਾਰਨ ਉਨ੍ਹਾਂ ਨੂੰ ਖਤਰਾ ਰਹਿੰਦਾ ਹੈ।  
ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਸੀ, ਜਿਸ ਕਾਰਨ ਕਈ ਬੱਚਿਆਂ ਦੀ ਜਾਨ ਖਤਰੇ 'ਚ ਪੈ ਗਈ ਸੀ। ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਮੌਸਮ ਵਿਭਾਗ ਵੱਲੋਂ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।


Related News