ਕਿਸਾਨ ਕਿਨੂੰ ਦੇ ਬਾਗਾਂ ਦੀ ਸਹੀ ਸਾਂਭ ਸੰਭਾਲ ਕਰਨ : ਸਹਾਇਕ ਡਾਇਰੈਕਟਰ ਬਾਗਬਾਨੀ

02/23/2018 7:44:31 AM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਨਰਿੰਦਰਜੀਤ ਸਿੰਘ ਕਿਹਾ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਕਾਫੀ ਰਕਬੇ 'ਚ ਕਿਨੂੰ ਦੇ ਬਾਗ ਲੱਗੇ ਹੋਏ ਹਨ। ਕਿਨੂੰ ਦੇ ਬਾਗਾਂ ਦੀ ਸਾਂਭ ਸੰਭਾਲ ਸੰਬਧੀ ਇਹ ਸਮਾਂ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਦਿਨਾਂ 'ਚ ਬਾਗਾਂ 'ਚ ਕੀਤੀਆਂ ਜਾਣ ਵਾਲੀਆਂ ਬਾਗਬਾਨੀ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਸ: ਨਰਿੰਦਰਜੀਤ ਸਿੰਘ ਨੇ ਦੱਸਿਆ ਕਿ ਕਿਨੂੰ ਦੇ ਬਾਗਾਂ ਨੂੰ ਖਾਦ ਦੇਣ ਦਾ ਇਹ ਸਹੀ ਸਮਾਂ ਹੈ। 1 ਤੋਂ 3 ਸਾਲ ਤੱਕ ਦੇ ਬੂਟਿਆਂ ਨੂੰ 120 365 ਗ੍ਰਾਮ ਯੁਰੀਆਂ ਪ੍ਰਤੀ ਬੂਟਾ ਪਾਈ ਜਾ ਸਕਦੀ ਹੈ। 4 ਤੋਂ 7 ਸਾਲ ਦੇ ਪੌਦਿਆਂ ਨੂੰ 485 845 ਗ੍ਰਾਮ ਅਤੇ 8 ਸਾਲ ਤੋਂ ਉਪਰ ਦੇ ਬੂਟਿਆਂ ਨੂੰ 970 ਗ੍ਰਾਮ ਯੁਰੀਆ ਪਾਈ ਜਾਵੇ। ਇਸੇ ਤਰ੍ਹਾਂ ਇਹ ਅਪ੍ਰੈਲ 'ਚ ਵੀ ਪਾਈ ਜਾਵੇ।
ਇਸੇ ਤਰਾਂ 4 ਤੋਂ 7 ਸਾਲ ਦੇ ਬੂਟਿਆਂ ਨੂੰ 220 285 ਗ੍ਰਾਮ ਅਤੇ 8 ਸਾਲ ਤੋਂ ਵੱਡੇ ਬੂਟਿਆਂ ਨੂੰ 440 ਗ੍ਰਾਮ ਡੀ. ਏ. ਪੀ. ਖਾਦ ਪਾਈ ਜਾਵੇ। ਜਦ ਕਿ 4 ਤੋਂ 7 ਸਾਲ ਦੇ ਬੂਟਿਆਂ ਨੂੰ 100 250 ਗ੍ਰਾਮ ਅਤੇ 8 ਸਾਲ ਤੋਂ ਵੱਡੇ ਬੂਟਿਆਂ ਨੂੰ 330 ਗ੍ਰਾਮ ਮਿਊਰਟ ਆਫ ਪੌਟਾਸ਼ ਖਾਦ ਪਾਈ ਜਾਵੇ। 4 ਸਾਲ ਤੋਂ ਛੋਟੇ ਬੂਟਿਆਂ ਨੂੰ ਡੀਏਪੀ ਅਤੇ ਪੋਟਾਸ਼ ਦੀ ਜਰੂਰਤ ਨਹੀਂ ਹੈ। ਕਿਨੂੰ ਦੇ ਨਵੇਂ ਫੁਟਾਰੇ ਤੇ ਤੇਲੇ ਚੇਪੇ ਦੀ ਰੋਕਥਾਮ ਲਈ ਜ਼ਰੂਰਤ ਪੈਣ 'ਤੇ ਕਿਸਾਨ 400 ਗ੍ਰਾਮ ਐਕਟਾਰਾ 1000 ਲੀਟਰ ਪਾਣੀ 'ਚ ਘੋਲ ਕੇ ਛਿੜਕ ਸਕਦੇ ਹਨ। ਕਿਨੂੰ ਦੀਆਂ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਸਹਾਇਕ ਡਾਇਰੈਕਟਰ ਨੇ ਦੱਸਿਆ ਬੂਟਿਆਂ ਦੇ ਜ਼ਮੀਨ ਨਾਲ ਲੱਗਦੇ ਹਿੱਸੇ ਦੇ ਗਲਣ ਦੇ ਰੋਗ ਨਾਲ ਹਮਲੇ ਵਾਲੇ ਬੂਟੇ ਪੈਰੋਂ ਗਲਣ ਲੱਗ ਜਾਂਦੇ ਹਨ, ਗੂੰਦ ਨਿਕਲਦੀ ਹੈ, ਛਿੱਲ ਤਣੇ ਦੇ ਚਾਰ-ਚੁਫੇਰੇ ਤੋਂ ਗਲ ਜਾਂਦੀ ਹੈ, ਪੱਤੇ ਹਲਕੇ ਪੀਲੇ ਹਰੇ ਰੰਗ ਦੇ ਹੋ ਜਾਦੇ ਹਨ, ਵਾਧਾ ਰੁਕ ਜਾਂਦਾ ਹੈ ਅਤੇ ਟਹਿਣੀਆਂ ਸੁੱਕ ਜਾਂਦੀਆ ਹਨ। ਫਿਰ ਗੂੰਦ ਵਾਲੇ ਨਿਸ਼ਾਨ ਤਣੇ ਦੇ ਹੇਠਾਂ ਅਤੇ ਉੱਪਰ ਵੱਲ ਵਧ ਜਾਂਦੇ ਹਨ ਅਤੇ ਟਹਿਣੀਆਂ 'ਤੇ ਆਉਂਣ ਲੱਗ ਪੈਂਦੇ ਹਨ। ਇਸ ਦੀ ਰੋਕਥਾਮ ਲਈ ਗਲੀ ਹੋਈ ਛਿੱਲ ਨੂੰ ਥੋੜੀ ਜਿਹੀ ਨਰੌਈ ਛਿੱਲ ਸਮੇਤ ਚਾਕੂ ਨਾਲ ਖੁਰਚ ਕੇ ਜ਼ਖਮ ਨੂੰ ਕਿਰਮ (ਕੀਟਾਣੂ) ਰਹਿਤ ਘੋਲ ਨਾਲ ਸਾਫ ਕਰੋ ਅਤੇ ਜ਼ਖਮ ਤੇ ਬੋਰਡੋ ਪੇਸਟ ਲਗਾ ਦਿਉ ਅਤੇ ਬੋਰਡੋ ਮਿਸ਼ਰਣ ਦਾ ਛਿੜਕਾਅ ਕਰੋ।


Related News