ਪੁਲਸ ਨੇ ਕਾਰਵਾਈ ਕਰਦਿਆਂ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਨੂੰ ਕੀਤਾ ਕਾਬੂ
Monday, Jul 15, 2024 - 06:21 PM (IST)

ਪਾਤੜਾਂ (ਸਨੇਹੀ) : ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਪ ਪੁਲਸ ਕਪਤਾਨ ਪਾਤੜਾਂ ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਹੈੱਡ ਕਾਂਸਟੇਬਲ ਅਮਰਚੰਦ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਜੋਗੇਵਾਲ ਮੌਜੂਦ ਸੀ। ਜਿਥੇ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਇੱਥੇ ਕੁੱਝ ਵਿਅਕਤੀ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਪੁਲਸ ਪਾਰਟੀ ਵੱਲੋਂ ਤੁਰੰਤ ਖਨੌਰੀ ਤੋਂ ਪਿੰਡ ਗੁਲਾਹੜ ਨੂੰ ਜਾਂਦੀ ਸੜਕ 'ਤੇ ਨਾਕਾਬੰਦੀ ਕੀਤੀ ਗਈ, ਜਿਸ ਨੂੰ ਵੇਖ ਕੇ ਉਕਤ ਵਿਅਕਤੀ ਭੱਜਣ ਲੱਗੇ ਤਾਂ ਉਨ੍ਹਾਂ 'ਚੋਂ ਇਕ ਵਿਅਕਤੀ ਅਮਰਿੰਦਰ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਨਾਜਾਇਜ਼ ਸਰਾਬ ਦੀਆਂ 20 ਬੋਤਲਾਂ ਬਰਾਮਦ ਕੀਤੀਆਂ ਗਈਆਂ।
ਇਸ ਦੌਰਾਨ ਉਸ ਦਾ ਸਾਥੀ ਸੁੱਚਾ ਸਿੰਘ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਕਥਿਤ ਦੋਸ਼ੀਆਂ ਅਮਰਿੰਦਰ ਸਿੰਘ ਪੁੱਤਰ ਮੋਹਣ ਸਿੰਘ ਅਤੇ ਸੁੱਚਾ ਸਿੰਘ ਪੁੱਤਰ ਮਿਲਖਾ ਸਿੰਘ ਵਾਸੀਆਨ ਪਿੰਡ ਗੁਲਾਹੜ ਥਾਣਾ ਪਾਤੜਾਂ ਖ਼ਿਲਾਫ ਮੁਕੱਦਮਾ ਨੰਬਰ 161, ਮਿਤੀ 14-7-2024 , ਐਕਸਾਈਜ਼ ਐਕਟ ਦੀ ਧਾਰਾ 61/1/14 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।