ਵਿਆਹ ਤੋਂ ਇਨਕਾਰ ਕਰਨ ''ਤੇ ਪ੍ਰੇਮਿਕਾ ਨੇ ਕੀਤੀ ਖ਼ੁਦਕੁਸ਼ੀ, ਮਾਮਲਾ ਦਰਜ
Thursday, Jul 10, 2025 - 04:55 PM (IST)

ਰਾਜਪੁਰਾ : ਰਾਜਪੁਰਾ ਦੀ ਗੁਰੂ ਗੋਬਿੰਦ ਅਮਰ ਦਾਸ ਕਲੋਨੀ ਵਿੱਚ ਵਿਆਹ ਤੋਂ ਇਨਕਾਰ ਕਰਨ 'ਤੇ ਲੁਧਿਆਣਾ ਦੀ ਰਹਿਣ ਵਾਲੀ ਕੁੜੀ ਪੂਜਾ ਨੇ ਉਸ ਦੇ ਪ੍ਰੇਮੀ ਅਨੂਪ ਦੇ ਕਮਰੇ ਵਿੱਚ ਫਾਹਾ ਲੈ ਲਿਆ। ਇਸ ਮਾਮਲੇ ਵਿੱਚ ਰਾਜਪੁਰਾ ਸਿਟੀ ਪੁਲਸ ਨੇ ਮ੍ਰਿਤਕਾ ਦੇ ਪ੍ਰੇਮੀ ਅਨੂਪ ਕੁਮਾਰ ਦੇ ਖਿਲਾਫ਼ ਖ਼ੁਦਕੁਸ਼ੀ ਕਰਨ ਲਈ ਉਕਸਾਉਣ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੇ ਪਿਤਾ ਸੰਤੋਸ਼ ਕੁਮਾਰ ਨੇ ਰਾਜਪੁਰਾ ਸਿਟੀ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਬੇਟੀ ਪੂਜਾ ਦਾ ਉਸ ਦੇ ਗੁਆਂਢ ਵਿੱਚ ਰਹਿਣ ਵਾਲੇ ਅਨੂਪ ਕੁਮਾਰ ਨਾਲ ਪ੍ਰੇਮ ਸਬੰਧ ਸੀ। ਉਸ ਨੇ ਪੂਜਾ ਨੂੰ ਵਿਆਹ ਕਰਵਾਉਣ ਦਾ ਲਾਰਾ ਲਾਇਆ ਸੀ ਪਰ ਫਿਰ ਉਹ ਰਾਜਪੁਰਾ ਆ ਕੇ ਰਹਿਣ ਲੱਗ ਗਿਆ ਅਤੇ ਸ਼ੰਭੂ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਨ ਲੱਗ ਪਿਆ। ਮੰਗਲਵਾਰ ਸਵੇਰੇ ਪੂਜਾ ਲੁਧਿਆਣਾ ਤੋਂ ਰਾਜਪੁਰਾ ਸਥਿਤ ਅਨੂਪ ਕੁਮਾਰ ਦੇ ਗੁਰੂ ਗੋਬਿੰਦ ਅਮਰ ਦਾਸ ਕਲੋਨੀ ਵਿੱਚ ਕਰਾਏ ਦੇ ਕਮਰੇ ਵਿੱਚ ਪਹੁੰਚੀ ਅਤੇ ਅਨੂਪ ਨਾਲ ਵਿਆਹ ਦੀ ਗੱਲ ਕੀਤੀ, ਜਿਸ ਕਾਰਨ ਦੋਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ, ਵਿਵਾਦ ਵਧਣ 'ਤੇ ਅਨੂਪ ਕਮਰੇ 'ਚੋਂ ਬਾਹਰ ਚਲ ਗਿਆ।
ਅਨੂਪ ਦੇ ਜਾਣ ਮਗਰੋਂ ਪੂਜਾ ਨੇ ਉਸੇ ਕਮਰੇ ਵਿੱਚ ਪੱਖੇ ਨਾਲ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਫੋਕਲ ਪੁਆਇੰਟ ਚੌਂਕੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਸ ਨੇ ਅਨੂਪ ਕੁਮਾਰ 'ਤੇ ਖ਼ੁਦਕੁਸ਼ੀ ਕਰਨ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।