ਪੰਨੂ ਨੇ ਹੁਣ ਦਿੱਤਾ ‘ਏਅਰ ਇੰਡੀਆ ਤੋਂ ਲੈ ਕੇ ਮੇਡ ਇਨ ਇੰਡੀਆ’ ਤੱਕ ਦੇ ਬਾਈਕਾਟ ਦਾ ਸੱਦਾ

Friday, Nov 10, 2023 - 10:24 AM (IST)

ਬਰਲਿਨ/ਨਵੀਂ ਦਿੱਲੀ (ਮੁਲਤਾਨੀ, ਸ. ਹ.)- ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਭਾਰਤੀ ਏਅਰਲਾਈਨ ‘ਏਅਰ ਇੰਡੀਆ’ ਦਾ ਬਾਈਕਾਟ ਕਰਨ ਅਤੇ ਏਅਰ ਕੈਨੇਡਾ, ਅਮੈਰੀਕਨ ਏਅਰਲਾਈਨਜ਼ ਅਤੇ ਬ੍ਰਿਟਿਸ਼ ਏਅਰਵੇਜ਼ ’ਚ ਸਫਰ ਕਰਨ ਦਾ ਸੱਦਾ ਦਿੱਤਾ ਹੈ। ਵੱਖਵਾਦੀ ਸਮੂਹ ਨੇ 19 ਨਵੰਬਰ ਤੋਂ ‘ਏਅਰ ਇੰਡੀਆ ਟੂ ਮੇਡ ਇਨ ਇੰਡੀਆ’ ਕਾਰੋਬਾਰਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਵਰਨਣਯੋਗ ਹੈ ਕਿ ਵਿਦੇਸ਼ਾਂ ’ਚ ਜ਼ਿਆਦਾਤਰ ਕਾਰੋਬਾਰ ਭਾਰਤੀ ਸਿੱਖ ਭਾਈਚਾਰੇ ਦੀ ਮਾਲਕੀ ’ਚ ਹਨ ਅਤੇ ਬਾਈਕਾਟ ਦਾ ਉਨ੍ਹਾਂ ’ਤੇ ਸਿੱਧਾ ਅਸਰ ਪਵੇਗਾ। ਇਸ ਸੱਦੇ ਨੂੰ 19 ਨਵੰਬਰ ਨੂੰ ਦਲ ਖਾਲਸਾ ਦੇ ਸੁਪਰੀਮੋ ਗਜਿੰਦਰ ਸਿੰਘ ਦੇ ਜਨਮ ਦਿਨ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ।

ਐੱਸ. ਐੱਫ. ਜੇ. ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਸੰਦੇਸ਼ ’ਚ ਕਿਹਾ ਕਿ ਭਾਰਤੀ ਕਾਰੋਬਾਰਾਂ ’ਚ ਜਾਣ ਵਾਲੇ ਹਰ ਇਕ ਡਾਲਰ ਦੀ ਵਰਤੋਂ ਸਿੱਖਾਂ ਦੀ ਹੋਂਦ ਨੂੰ ਖਤਰੇ ’ਚ ਪਾਉਣ ਲਈ ਕੀਤੀ ਜਾਂਦੀ ਹੈ। ਪੰਨੂ ਨੇ ਕਿਹਾ ਕਿ ਖਾਲਿਸਤਾਨ ਰਾਏਸ਼ੁਮਾਰੀ ਭਾਰਤ ਦੇ ਖੇਤਰੀ ਅਖੰਡਤਾ ਦੇ ਦਾਅਵੇ ਲਈ ਇਕ ਚੁਣੌਤੀ ਹੈ ਅਤੇ ‘ਏਅਰ ਇੰਡੀਆ ਟੂ ਮੇਡ ਇਨ ਇੰਡੀਆ’ ਦੇ ਬਾਈਕਾਟ ਦਾ ਸੱਦਾ ਭਾਰਤ ਦੀ ਆਰਥਿਕ ਸਰਦਾਰੀ ਨੂੰ ਕਮਜ਼ੋਰ ਕਰਨਾ ਹੈ। ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ 19 ਨਵੰਬਰ ਨੂੰ ਗੁਰਪਤਵੰਤ ਸਿੰਘ ਪੰਨੂ ਦੀ ਏਅਰ ਇੰਡੀਆ ਉਡਾਣ ਨੂੰ ਲੈ ਕੇ ਦਿੱਤੀ ਧਮਕੀ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਅਮਰੀਕਾ ਸਥਿਤ ਵਕੀਲ ਪੰਨੂ ਆਮ ਚੋਣਾਂ ਤੋਂ ਪਹਿਲਾਂ ਭਾਰਤ ’ਚ ‘ਪਾੜੋ ਤੇ ਰਾਜ ਕਰੋ’ ਦੀ ਲਾਬੀ ਦੇ ਸਿਆਸੀ ਹਿੱਤਾਂ ਦੀ ਪੂਰਤੀ ਕਰਨਾ ਚਾਹੁੰਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਨਾਲ ਤਣਾਅ ਵਿਚਾਲੇ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਦਾ ਅਹਿਮ ਬਿਆਨ 

ਸਰਨਾ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡੀਪਫੇਕ ਦੇ ਇਸ ਯੁੱਗ ’ਚ ਅਸੀਂ ਨਹੀਂ ਜਾਣਦੇ ਕਿ ਉਸ ਦੀਆਂ ਧਮਕੀਆਂ ਵਾਲੀਆਂ ਵੀਡੀਓ ਕਿੰਨੀਆਂ ਅਸਲੀ ਹਨ। ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਪੰਨੂ ਦੀਆਂ ਅਜਿਹੀਆਂ ਹੋਰ ਵੀਡੀਓ ਜ਼ਿਆਦਾ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਨੂ ਦਾ ਸਿੱਖ ਕੌਮ ’ਚ ਕੋਈ ਸਮਰਥਕ ਨਹੀਂ ਹੈ ਪਰ ਉਸ ਦੀਆਂ ਵੀਡੀਓ ਫਿਰਕੂ ਤਾਕਤਾਂ ਦੇ ਏਜੰਡੇ ਨੂੰ ਪੂਰਾ ਕਰਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।   
 


Vandana

Content Editor

Related News