ਇਜ਼ਰਾਇਲੀ ਪੁਲਸ ਫੋਰਸ ’ਤੇ ਕੇਰਲ ਦੀ ਛਾਪ!

10/10/2023 5:26:26 PM

ਇੰਟਰਨੈਸ਼ਨਲ ਡੈਸਕ– ਇਜ਼ਰਾਈਲੀ ਸੁਰੱਖਿਆ ਬਲਾਂ ਨੇ 50 ਸਾਲਾਂ ’ਚ ਖ਼ੇਤਰ ’ਚ ਸਭ ਤੋਂ ਵੱਡੇ ਹਮਲੇ ’ਚ ਗਾਜ਼ਾ ’ਚ ਫਲਸਤੀਨੀ ਅੱਤਵਾਦੀਆਂ ਵਿਰੁੱਧ ਜਵਾਬੀ ਕਾਰਵਾਈ ਸ਼ੁਰੂ ਕੀਤੀ। ਦੇਸ਼ ਦੀ ਰੱਖਿਆ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਇਜ਼ਰਾਈਲ ਦੀ ਪੁਲਸ ਫੋਰਸ ਹਾਈ ਅਲਰਟ ’ਤੇ ਹੈ। ਖ਼ੇਤਰ ’ਚ ਸੰਘਰਸ਼ ਤੇਜ਼ ਹੋਣ ਦੇ ਨਾਲ ਹੀ ਅਸਮਾਨੀ ਨੀਲੇ, ਹਲਕੇ ਹਰੇ ਤੇ ਨੇਵੀ ਬਲਿਊ ਰੰਗ ਦੀਆਂ ਵਰਦੀਆਂ ਪਹਿਨੇ ਪੁਲਸ ਬਲ ’ਚ ਕੇਰਲ ਦੀ ਛਾਪ ਦਿਖਦੀ ਹੈ।

ਇਹ ਇਸ ਲਈ ਹੈ ਕਿਉਂਕਿ ਕਨੂਰ ਜ਼ਿਲੇ ਦੀ ਇਕ ਘੱਟ ਜਾਣੀ ਜਾਂਦੀ ਕੰਪਨੀ ਮੇਰਿਅਨ ਐਪਰਲ ਲਿਮਟਿਡ ਸਾਲ 2012 ਤੋਂ ਮਸ਼ਹੂਰ ਇਜ਼ਰਾਈਲੀ ਪੁਲਸ ਫੋਰਸ, ਜੋ ਕਿ ਦੁਨੀਆ ਦੇ ਸਭ ਤੋਂ ਵਧੀਆ ਪੁਲਸ ਵਿਭਾਗਾਂ ’ਚੋਂ ਇਕ ਹੈ, ਨੂੰ ਵਰਦੀਆਂ ਦੀ ਸਪਲਾਈ ਕਰ ਰਹੀ ਹੈ। ਇਜ਼ਰਾਈਲ ਤੇ ਫਲਸਤੀਨ ਵਿਚਕਾਰ ਵਧਦੇ ਤਣਾਅ ਦੇ ਕਾਰਨ ਕੰਪਨੀ ਨੂੰ ਲਗਭਗ 40,000 ਵਰਦੀਆਂ ਤੁਰੰਤ ਡਿਲੀਵਰ ਕਰਨ ਦੇ ਹੁਕਮ ਹੋਏ ਹਨ, ਜੋ ਦਸੰਬਰ ਦੀ ਸਮਾਂ ਸੀਮਾ ਤੋਂ ਪਹਿਲਾਂ ਹੋਣਗੀਆਂ।

ਕਨੂਰ ’ਚ ਵਲਿਆਵੇਲੀਚਮ ਨਾਮਕ ਇਕ ਛੋਟੇ ਜਿਹੇ ਪਿੰਡ ’ਚ ਸਥਿਤ ਮੇਰਿਅਨ ਦੀ ਫੈਕਟਰੀ ’ਚ ਪਹਿਲਾਂ ਹੀ ਕੰਮ ਚੱਲ ਰਿਹਾ ਹੈ, ਜੋ ਮਹੀਨਾਵਾਰ ਆਧਾਰ ’ਤੇ 2,50,000 ਵਰਦੀਆਂ ਦਾ ਉਤਪਾਦਨ ਕਰਦਾ ਹੈ। ਪੁਲਸ ਵਿਭਾਗ ਤੋਂ ਇਲਾਵਾ ਮੇਰਿਅਨ ਪੁਲਸ ਸਿਖਲਾਈ ਦੇ ਹਿੱਸੇ ਵਜੋਂ ਇਜ਼ਰਾਈਲੀ ਜੇਲ ਪੁਲਸ ਤੇ ਨਾਗਰਿਕਾਂ ਨੂੰ ਵਰਦੀਆਂ ਵੀ ਸਪਲਾਈ ਕਰ ਰਿਹਾ ਹੈ।

ਮੁੰਬਈ ਦੇ ਕਾਰੋਬਾਰੀ ਤੇ ਮੇਰਿਅਨ ਐਪਰਲ ਦੇ ਮਾਲਕ ਥਾਮਸ ਓਲੀਕਲ ਨੇ ਕਿਹਾ, ‘‘ਸੋਮਵਾਰ ਨੂੰ ਸਾਨੂੰ ਸੂਚਨਾ ਮਿਲੀ ਕਿ ਸਾਨੂੰ ਤੁਰੰਤ ਸਾਰੀਆਂ ਵਰਦੀਆਂ ਡਿਲੀਵਰ ਕਰ ਦੇਣੀਆਂ ਚਾਹੀਦੀਆਂ ਹਨ। 2012 ਤੋਂ ਸਾਡੀ ਕੰਪਨੀ ਨੇ ਇਜ਼ਰਾਈਲੀ ਪੁਲਸ ਫੋਰਸ ਨੂੰ ਲਗਭਗ 6,00,000 ਤੋਂ 8,00,000 ਵਰਦੀਆਂ ਦੀ ਸਪਲਾਈ ਕੀਤੀ ਹੈ।’’ ਕੰਪਨੀ ਦੇ ਲਗਭਗ 1,500 ਕਰਮਚਾਰੀ ਇਜ਼ਰਾਈਲੀ ਪੁਲਸ ਫੋਰਸ ਲਈ ਸ਼ਾਨਦਾਰ ਵਰਦੀਆਂ ਤਿਆਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ।’’

ਇਹ ਖ਼ਬਰ ਵੀ ਪੜ੍ਹੋ : Swiss Bank ਨੇ ਸਾਂਝੀ ਕੀਤੀ ਭਾਰਤ ਨਾਲ ਜੁੜੇ ਖ਼ਾਤਾਧਾਰਕਾਂ ਦੀ ਗੁਪਤ ਜਾਣਕਾਰੀ, ਦਿੱਤੇ ਇਹ ਵੇਰਵੇ

ਓਲੀਕਲ ਨੇ ਕਿਹਾ, ‘‘ਉਨ੍ਹਾਂ ਦੀ ਵਰਦੀ ਦੇ ਤਿੰਨ ਰੰਗ ਹਨ ਅਸਮਾਨੀ ਨੀਲਾ, ਹਲਕਾ ਹਰਾ ਤੇ ਨੇਵੀ ਬਲਿਊ ਹਨ। ਉਨ੍ਹਾਂ ਦੀ ਜੇਲ ਪੁਲਸ ਦੀ ਵੀ ਅਸਮਾਨੀ ਨੀਲੀ ਵਰਦੀ ਹੈ। ਅਸੀਂ ਇਸ ਦੀ ਸਪਲਾਈ ਵੀ ਕਰ ਰਹੇ ਹਾਂ। ਇਸ ਸਾਲ ਤੋਂ ਸਾਡੀ ਕੰਪਨੀ ਪੁਲਸ ਟਰੇਨਿੰਗ ਲਈ ਕੱਪੜੇ ਵੀ ਸਪਲਾਈ ਕਰ ਰਹੀ ਹੈ।’’ ਮੇਰਿਅਨ ਇਸ ਸਮੇਂ ਕਤਰ, ਕੁਵੈਤ, ਸਾਊਦੀ ਅਰਬ ਤੇ ਫਿਲੀਪੀਨਜ਼ ਵਰਗੇ ਦੇਸ਼ਾਂ ਦੀ ਫੌਜ ਤੇ ਪੁਲਸ ਵਰਗੇ ਵੱਖ-ਵੱਖ ਵਿਭਾਗਾਂ ਨੂੰ ਵਰਦੀਆਂ ਦੀ ਸਪਲਾਈ ਕਰ ਰਹੀ ਹੈ।

ਉਨ੍ਹਾਂ ਕਿਹਾ, ‘‘ਅਸੀਂ ਪਿਛਲੇ ਕੁਝ ਸਾਲਾਂ ’ਚ ਆਪਣੇ ਕਾਰੋਬਾਰ ’ਚ ਬਹੁਤ ਵਾਧਾ ਦੇਖਿਆ ਹੈ, ਜੋ ਕੋਵਿਡ (2018) ਤੋਂ ਪਹਿਲਾਂ 40 ਕਰੋੜ ਰੁਪਏ ਤੋਂ ਵਧ ਕੇ ਹੁਣ 100 ਕਰੋੜ ਰੁਪਏ ਹੋ ਗਿਆ ਹੈ। ਜਦੋਂ ਪੂਰਾ ਉਦਯੋਗ ਮਹਾਮਾਰੀ, ਸਪਲਾਈ ਚੇਨ ਵਿਘਨ, ਕੱਚੇ ਮਾਲ ਦੀਆਂ ਕੀਮਤਾਂ ’ਚ ਅਸਥਿਰਤਾ ਤੇ ਯੂਕ੍ਰੇਨ ਯੁੱਧ ਕਾਰਨ ਸੰਘਰਸ਼ ਕਰ ਰਿਹਾ ਸੀ ਤਾਂ ਅਸੀਂ ਇਨ੍ਹਾਂ ਕਾਰਕਾਂ ਤੋਂ ਪ੍ਰਭਾਵਿਤ ਨਹੀਂ ਹੋਏ ਤੇ ਵਧ ਰਹੇ ਸੀ। ਉਨ੍ਹਾਂ ਮੁਤਾਬਕ ਇਸ ਦਾ ਇਕ ਮੁੱਖ ਕਾਰਨ ਇਹ ਸੀ ਕਿ ਵਿਸ਼ਵ ਪੱਧਰ ’ਤੇ ਫੌਜ ਤੇ ਪੁਲਸ ਦੀਆਂ ਵਰਦੀਆਂ ਦੀ ਲਗਾਤਾਰ ਮੰਗ ਵਧ ਰਹੀ ਹੈ।

ਕੰਪਨੀ ਦੀ ਆਮਦਨ ਦਾ ਮੁੱਖ ਸਰੋਤ ਪੈਟਰੋਲੀਅਮ ਸੈਕਟਰ ’ਚ ਵਰਤੋਂ ਲਈ ਅੱਗ ਰੋਕੂ ਕੱਪੜੇ ਹਨ। ਓਲੀਕਲ, ਜੋ ਪਿਛਲੇ ਤਿੰਨ ਦਹਾਕਿਆਂ ਤੋਂ ਕੱਪੜੇ ਦੇ ਕਾਰੋਬਾਰ ’ਚ ਹੈ, ਨੇ 2007 ’ਚ ਆਪਣੀ ਕਨੂਰ ਯੂਨਿਟ ਦੀ ਸ਼ੁਰੂਆਤ ਕੀਤੀ ਸੀ। ਇਸ ਨੇ ਪਹਿਲਾਂ ਤਿਰੂਵਨੰਤਪੁਰਮ ’ਚ ਆਪਣੀ ਇਕਾਈ ਵੀ ਵੇਚੀ ਸੀ। ਸਾਲ 2012 ’ਚ ਇਜ਼ਰਾਈਲ ਸਰਕਾਰ ਨਾਲ ਸਬੰਧਤ ਲੋਕਾਂ ਨੇ ਵਰਦੀਆਂ ਦੀ ਸਪਲਾਈ ਲਈ ਕੰਪਨੀ ਕੋਲ ਪਹੁੰਚ ਕੀਤੀ ਸੀ।

ਉਨ੍ਹਾਂ ਨੇ ਕਿਹਾ, ‘‘ਸਾਨੂੰ ਇਸ ਸਾਲ ਵੀ ਮਾਲੀਏ ’ਚ 40-50 ਫ਼ੀਸਦੀ ਵਾਧੇ ਦੀ ਉਮੀਦ ਹੈ। ਸਾਨੂੰ ਇਜ਼ਰਾਈਲੀ ਆਦੇਸ਼ਾਂ ’ਤੇ ਕਿਸੇ ਵੀ ਤਰ੍ਹਾਂ ਦੇ ਸੰਕਟ ਦਾ ਕੋਈ ਪ੍ਰਭਾਵ ਨਹੀਂ ਦਿਸਦਾ ਹੈ। ਮੇਰਿਅਨ ਨੇ ਆਪਣੇ ਭਵਿੱਖ ਦੇ ਆਦੇਸ਼ਾਂ ਦੇ ਆਧਾਰ ’ਤੇ ਆਪਣੇ ਵਿਸਥਾਰ ਦੀ ਯੋਜਨਾ ਬਣਾਈ ਹੈ ਤੇ ਵਰਤਮਾਨ ’ਚ ਇਸ ਦੇ 95 ਫ਼ੀਸਦੀ ਆਰਡਰ ਵਿਦੇਸ਼ੀ ਬਾਜ਼ਾਰਾਂ ਤੋਂ ਆ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News