Youtuber ਜੋਤੀ ''ਤੇ ਨਵਾਂ ਖੁਲਾਸਾ, ਸਾਲ ''ਚ 4 ਵਾਰ ਪਹੁੰਚੀ ਸੀ ਭਾਗਲਪੁਰ, ਵਧਾਈ ਗਈ ਇਸ ਮੰਦਰ ਦੀ ਸੁਰੱਖਿਆ
Tuesday, May 20, 2025 - 07:05 PM (IST)

ਨੈਸ਼ਨਲ ਡੈਸਕ- ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਵਿਚਕਾਰ ਇਕ ਯੂਟਿਊਬਰ ਜੋਤੀ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਐੱਨ.ਆਈ.ਏ. ਨੇ ਬੀਤੇ ਸੋਮਵਾਰ ਨੂੰ ਹਿਰਾਸਤ 'ਚ ਲਿਆ। ਜਾਂਚ ਏਜੰਸੀਆਂ ਉਸਦੇ ਅੱਤਵਾਦੀ ਲਿੰਕ ਅਤੇ ਸ਼ੱਕੀ ਗਤੀਵਿਧੀਆਂ ਦੀ ਪੜਤਾਲ ਕਰ ਰਹੀਆਂ ਹਨ।
ਜੋਤੀ ਮਲਹੋਤਰਾ ਨਾਂ ਦੀ ਇਸ ਯੂਟਿਊਬਰ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਕਰੀਬ 1.5 ਲੱਖ ਫਾਲੋਅਰਜ਼ ਸਨ। ਫਿਲਹਾਲ ਉਸਦਾ ਸੋਸ਼ਲ ਮੀਡੀਆ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋਤੀ ਦਾ ਕੁਨੈਕਸ਼ਨ ਬਿਹਾਰ ਦੇ ਭਾਗਲਪੁਰ ਜ਼ਿਲ੍ਹੇ ਨਾਲ ਜੁੜਿਆ ਹੋਇਆ ਹੈ।
ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਉਹ ਸਾਲ 2023 'ਚ ਚਾਰ ਵਾਰ ਭਾਗਲਪੁਰ ਦੇ ਸੁਲਤਾਨਗੰਜ ਸਥਿਤ ਪ੍ਰਸਿੱਧ ਅਜਗੈਬੀਨਾਥ ਮੰਦਰ ਗਈ ਸੀ। ਸਾਊਣ ਮਹੀਨੇ 'ਚ ਇਥੇ ਦੂਰੋਂ-ਦੂਰੋਂ ਸ਼ਰਧਾਲੂ ਆਉਂਦੇ ਹਨ। ਪੁਲਸ ਦਾ ਅਨੁਮਾਨ ਹੈ ਕਿ ਉਹ ਮੰਦਰ ਅਤੇ ਉਸਦੇ ਆਲੇ-ਦੁਆਲੇ ਦੀਆਂ ਗਤੀਵਿਧੀਆਂ ਨੂੰ ਰੋਕੀ ਕਰਨ ਗਈ ਸੀ।
ਇਸ ਜਾਣਕਾਰੀ ਤੋਂ ਬਾਅਦ ਭਾਗਲਪੁਰ ਪੁਲਸ ਅਤੇ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਮੰਦਰ ਕੰਪਲੈਕਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸੀਨੀਅਰ ਪੁਲਿਸ ਸੁਪਰਡੈਂਟ ਹਿਰਦੇਕਾਂਤ ਨੇ ਕਿਹਾ ਕਿ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਜੋਤੀ ਕਿਹੜੇ-ਕਿਹੜੇ ਸਥਾਨਾਂ 'ਤੇ ਗਈ ਸੀ ਅਤੇ ਉਹ ਕਿਸ-ਕਿਸ ਨੂੰ ਮਿਲੀ ਸੀ।
ਪੁਲਸ ਹੁਣ ਉਸਦੇ ਸੋਸ਼ਲ ਨੈੱਟਵਰਕ, ਸਥਾਨਕ ਸੰਪਰਕਾਂ ਅਤੇ ਵਿੱਤੀ ਲੈਣ-ਦੇਣ ਦੀ ਵੀ ਜਾਂਚ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਕਈ ਸ਼ਹਿਰਾਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ NIA, IB ਅਤੇ ਹਰਿਆਣਾ ਪੁਲਸ ਦੀ ਸਾਂਝੀ ਜਾਂਚ ਟੀਮ ਨੇ ਜੋਤੀ ਮਲਹੋਤਰਾ ਤੋਂ ਪੁੱਛਗਿੱਛ ਕੀਤੀ ਹੈ। ਇਸ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜੋਤੀ ਨੇ ਕਈ ਗੱਲਾਂ ਲੁਕਾਈਆਂ ਸਨ। ਇਸ ਦੇ ਨਾਲ ਹੀ, ਜੋਤੀ ਜਾਂਚ ਨੂੰ ਗੁੰਮਰਾਹ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ।