ਜੁਲੂਸ ''ਚ ਨੌਜਵਾਨਾਂ ਨੇ ਲਹਿਰਾਇਆ ਫਲਸਤੀਨ ਦਾ ਝੰਡਾ, ਵੀਡੀਓ ਸਾਹਮਣੇ ਆਉਣ ''ਤੇ ਪੁਲਸ ਨੇ ਲਿਆ ਐਕਸ਼ਨ
Tuesday, Jul 09, 2024 - 12:49 PM (IST)
ਭਦੋਹੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਦੇ ਔਰਾਈ ਥਾਣਾ ਖੇਤਰ 'ਚ ਮੁਹੱਰਮ ਦਾ ਚੰਨ ਦਿੱਸਣ 'ਤੇ ਗਏ ਜੁਲੂਸ 'ਚ ਫਲਸਤੀਨ ਦਾ ਝੰਡਾ ਲਹਿਰਾਉਣ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ 2 ਨਾਮਜ਼ਦ ਸਮੇਤ ਹੋਰ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਕੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਔਰਾਈ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਸਚਿਦਾਨੰਦ ਪਾਂਡੇ ਨੇ ਦੱਸਿਆ ਕਿ ਐਤਵਾਰ ਰਾਤ ਕੁਝ ਨੌਜਵਾਨਾਂ ਨੇ ਬਿਨਾਂ ਮਨਜ਼ੂਰੀ ਦੇ ਨੈਸ਼ਨਲ ਹਾਈਵੇਅ 'ਤੇ ਮਾਧੋਸਿੰਘ ਇਲਾਕੇ 'ਚ ਜੁਲੂਸ ਕੱਢਿਆ, ਜਿਸ 'ਚ ਫਲਸਤੀਨ ਦੇ ਝੰਡੇ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ।
ਪਾਂਡੇ ਅਨੁਸਾਰ, ਸੋਮਵਾਰ ਨੂੰ ਜੁਲੂਸ ਦਾ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਂਚ 'ਚ ਸਾਹਿਲ ਉਰਫ਼ ਬਾਦਸ਼ਾਹ ਅਤੇ ਗੋਰਖ ਨਾਂ ਦੇ ਨੌਜਵਾਨਾਂ ਸਮੇਤ ਕੁਝ ਹੋਰ ਦੇ ਫਲਸਤੀਨੀ ਝੰਡਾ ਲਹਿਰਾਉਣ ਦੀ ਗੱਲ ਸਾਹਮਣੇ ਆਈ। ਪਾਂਡੇ ਨੇ ਕਿਹਾ ਕਿ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 197 (2) (ਸੰਵਿਧਾਨ 'ਤੇ ਅਵਿਸ਼ਵਾਸ) ਦੇ ਅਧੀਨ ਮੁਕੱਦਮਾ ਦਰਜ ਕਰ ਕੇ ਬਾਦਸ਼ਾਹ (20) ਨੂੰ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੂਜੇ ਨਾਮਜ਼ਦ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਪਾਂਡੇ ਨੇ ਦੱਸਿਆ ਕਿ ਵੀਡੀਓ ਦੇ ਆਧਾਰ 'ਤੇ ਪਛਾਣ ਕਰ ਕੇ ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e