ਸਿਵਲ ਸੇਵਾ ਦੀ ਤਿਆਰੀ ਕਰ ਰਹੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
Tuesday, Jul 23, 2024 - 04:57 PM (IST)
ਨਵੀਂ ਦਿੱਲੀ : ਮੱਧ ਦਿੱਲੀ ਦੇ ਪਟੇਲ ਨਗਰ ਵਿਚ ਭਾਰੀ ਮੀਂਹ ਤੋਂ ਬਾਅਦ ਕਥਿਤ ਤੌਰ 'ਤੇ ਕਰੰਟ ਲੱਗਣ ਕਾਰਨ ਸਿਵਲ ਸੇਵਾ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਇਕ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਪੁਲਸ ਡਿਪਟੀ ਕਮਿਸ਼ਨਰ ਐੱਮ ਹਰਸ਼ਵਰਧਨ ਨੇ ਕਿਹਾ ਕਿ ਸੋਮਵਾਰ ਨੂੰ ਤਕਰੀਬਨ ਪੌਣੇ ਤਿੰਨ ਵਦੇ ਰਣਜੀਤ ਨਗਰ ਥਾਣੇ ਵਿਚ ਸੂਚਨਾ ਆਈ ਕਿ ਪਟੇਲ ਨਗਰ ਮੈਟਰੋ ਸਟੇਸ਼ਨ ਦੇ ਨੇੜੇ ਪਾਵਰ ਜਿਮ ਦੇ ਕੋਲ ਇਕ ਵਿਅਕਤੀ ਕਰੰਟ ਲੱਗਣ ਕਾਰਨ ਲੋਹੇ ਦੇ ਗੇਟ ਨਾਲ ਚਿਪਕ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਪਹੁੰਚਣ 'ਤੇ ਪੁਲਸ ਮੁਲਾਜ਼ਮਾਂ ਨੇ ਦੇਖਿਆ ਕਿ ਲੋਹੇ ਦੇ ਗੇਟ ਵਿਚ ਕਰੰਟ ਆਉਣ ਕਾਰਨ ਨੌਜਵਾਨ ਉਸ ਦੀ ਲਪੇਟ ਵਿਚ ਆ ਗਿਆ ਤੇ ਸੜਕ 'ਤੇ ਪਾਣੀ ਭਰਿਆ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਵਿਅਕਤੀ ਨੂੰ ਰਾਮਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਪੁਲਿਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਨੀਲੇਸ਼ ਰਾਏ ਦੇ ਰੂਪ ਵਿਚ ਹੋਈ ਹੈ ਜੋ ਪਟੇਲ ਨਗਰ ਕਿਰਾਏ ਦੇ ਇਕ ਮਕਾਨ ਵਿਚ ਰਹਿ ਕੇ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਦੇ ਸਿਲਸਿਲੇ ਵਿਚ ਰਣਜੀਤ ਨਗਰ ਥਾਣਾ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਹੈ ਤੇ ਫਾਰੇਂਸਿਕ ਟੀਮ ਮੌਕੇ 'ਤੇ ਭੇਜੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।