ਟਵਿੱਟਰ ਨੇ ਯੋਗੀ ਦਾ ''ਵਾਇਰਸ ਬਿਆਨ ਹਟਾਇਆ, ਸਿਰਸਾ ਸਮੇਤ ਕਈ ਲੋਕਾਂ ਨੇ ਟਵੀਟ ਡਿਲੀਟ
Wednesday, Apr 17, 2019 - 05:57 PM (IST)
ਲਖਨਊ/ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਚੋਣ ਪ੍ਰਚਾਰ 'ਚ ਹਿੱਸਾ ਲੈਣ 'ਤੇ ਪਾਬੰਦੀ ਅਜੇ ਪੂਰੀ ਨਹੀਂ ਹੋਈ ਕਿ ਟਵਿੱਟਰ ਨੇ ਵੀ ਉਨ੍ਹਾਂ ਦੇ ਟਵੀਟ 'ਤੇ ਐਕਸ਼ਨ ਲੈ ਲਿਆ। ਮੁਸਲਿਮ ਲੀਗ ਨੂੰ 'ਵਾਇਰਸ' ਦੱਸਣ ਵਾਲੇ ਯੋਗੀ ਦੇ ਟਵੀਟ ਨੂੰ ਟਵਿੱਟਰ ਨੇ ਚੋਣ ਕਮਿਸ਼ਨ ਦੇ ਨਿਰਦੇਸ਼ 'ਤੇ ਹਟਾ ਦਿੱਤਾ ਹੈ। ਪਤਾ ਲੱਗਾ ਹੈ ਕਿ ਟਵਿੱਟਰ ਇੰਡੀਆ ਨੇ ਯੋਗੀ ਤੋਂ ਇਲਾਵਾ ਭਾਜਪਾ ਨੇਤਾ ਗਿਰੀਰਾਜ ਸਿੰਘ, ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਅਭਿਨੇਤਰੀ ਕੋਇਨਾ ਮਿੱਤਰਾ ਦੇ ਫਿਰਕੂ ਕਿਸਮ ਦੇ 34 ਟਵੀਟਸ ਵਿਰੁੱਧ ਕਾਰਵਾਈ ਕਰਦਿਆਂ ਜਾਂ ਤਾਂ ਉਨ੍ਹਾਂ ਨੂੰ ਆਪਣੀ ਵੈੱਬਸਾਈਟ ਤੋਂ ਹਟਾ ਦਿੱਤਾ ਹੈ ਜਾਂ ਉਨ੍ਹਾਂ 'ਤੇ ਭਾਰਤ 'ਚ ਵਿਖਾਉਣ ਦੀ ਮਨਾਹੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਯੋਗੀ ਦੇ ਕੇਰਲ ਦੀ ਇੰਡੀਅਨ ਯੂਨੀਅਨ ਮੁਸਲਿਮ ਨੂੰ 'ਵਾਇਰਸ' ਬਰਾਬਰ ਦੱਸਣ ਵਾਲੇ ਟਵੀਟ ਦਾ ਨੋਟਿਸ ਲਿਆ ਸੀ।
ਕੀ ਕਿਹਾ ਸੀ ਯੋਗੀ ਨੇ
ਯੋਗੀ ਨੇ ਆਪਣੇ ਟਵੀਟ 'ਚ ਕਿਹਾ ਸੀ ਕਿ ਮੁਸਲਮ ਲੀਗ ਇਕ ਵਾਇਰਸ ਹੈ। ਇਹ ਅਜਿਹਾ ਵਾਇਰਸ ਹੈ, ਜਿਸ ਤੋਂ ਜੇ ਕਿਸੇ ਨੂੰ ਇਨਫੈਕਸ਼ਨ ਹੋ ਗਈ ਤਾਂ ਉਹ ਬਚ ਨਹੀਂ ਸਕਦਾ। ਅੱਜ ਤਾਂ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਇਸ ਤੋਂ ਇਨਫੈਕਸ਼ਨ ਹੋ ਚੁੱਕੀ ਹੈ। ਸੋਚੋ ਜੇ ਕਾਂਗਰਸ ਜਿੱਤ ਗਈ ਤਾਂ ਕੀ ਹੋਵੇਗਾ। ਇਹ ਵਾਇਰਸ ਪੂਰੇ ਦੇਸ਼ 'ਚ ਫੈਲ ਜਾਏਗਾ।
ਕਾਂਗਰਸ ਮੁਸਲਿਮ ਲੀਗ ਵਾਇਰਸ ਤੋਂ ਪੀੜਤ
ਇਕ ਹੋਰ ਟਵੀਟ 'ਚ ਯੋਗੀ ਨੇ ਲਿਖਿਆ ਸੀ ਕਿ 1857 ਦੇ ਆਜ਼ਾਦੀ ਸੰਗਰਾਮ 'ਚ ਮੰਗਲ ਪਾਂਡੇ ਨਾਲ ਪੂਰਾ ਦੇਸ਼ ਅੰਗਰੇਜ਼ਾਂ ਵਿਰੁੱਧ ਮਿਲ ਕੇ ਲੜਿਆ ਸੀ। ਉਸ ਤੋਂ ਬਾਅਦ ਮੁਸਲਿਮ ਲੀਗ ਦਾ ਵਾਇਰਸ ਆਇਆ ਅਤੇ ਅਜਿਹਾ ਫੈਲਿਆ ਕਿ ਪੂਰੇ ਦੇਸ਼ ਦੀ ਵੰਡ ਹੋ ਗਈ। ਅੱਜ ਮੁੜ ਓਹੀ ਖਤਰਾ ਮੰਡਰਾ ਰਿਹਾ ਹੈ। ਕਾਂਗਰਸ ਮੁਸਲਿਮ ਲੀਗ ਵਾਇਰਸ ਤੋਂ ਪੀੜਤ ਹੈ। ਚੌਕਸ ਰਹੋ।