ਅਖੌਤੀ ਬਾਬਿਆਂ ਲਈ ਭਾਰੂ ਰਿਹਾ ਸਾਲ 2017, ਇਨ੍ਹਾਂ 5 ਦੀ ਖੁੱਲ੍ਹੀ ਪੋਲ

Saturday, Dec 30, 2017 - 03:59 PM (IST)

ਅਖੌਤੀ ਬਾਬਿਆਂ ਲਈ ਭਾਰੂ ਰਿਹਾ ਸਾਲ 2017, ਇਨ੍ਹਾਂ 5 ਦੀ ਖੁੱਲ੍ਹੀ ਪੋਲ

ਹਰਿਆਣਾ (ਹਰਿੰਦਰ ਕੌਰ) — ਆਪਣੇ ਨਾਂ ਨਾਲ ਸੰਤ ਲਗਾ ਕੇ ਭਗਵਾ ਚੋਲਾ ਪਾ ਕੇ ਸੰਤਾਂ ਦਾ ਅਕਸ ਖਰਾਬ ਕਰਨ ਵਾਲੇ ਕਈ ਢੋਂਗੀ ਬਾਬੇ ਇਸ ਸਾਲ ਕਾਨੂੰਨ ਦੇ ਅੜਿੱਕੇ ਚੜ੍ਹੇ। ਇਨ੍ਹਾਂ 5 ਝੂਠੇ ਬਾਬਿਆਂ ਨੇ ਸ਼ਰਧਾਲੂਆਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਅਤੇ ਉਨ੍ਹਾਂ ਦੀ ਹੀ ਮਾਇਆ 'ਤੇ ਐਸ਼ ਵੀ ਕਰਦੇ ਰਹੇ। ਸ਼ਰਧਾਲੂਆਂ ਨੂੰ ਦੋਵਾਂ ਹੱਥਾਂ ਨਾਲ ਲੁੱਟਣ ਵਾਲੇ ਅਖੌਤੀ ਬਾਬੇ ਸਿਆਸੀ ਛਾਂ ਹੇਠ ਪਲਦੇ ਰਹੇ ਅਤੇ ਬਚਦੇ ਵੀ ਰਹੇ। ਪਰ ਸਾਲ 2017 ਕਈ ਢੋਂਗੀ ਸੰਤਾਂ ਦੇ ਅਸਲੀ ਚਿਹਰੇ ਲੋਕਾਂ ਸਾਹਮਣੇ ਲਿਆਉਣ 'ਚ ਕਾਮਯਾਬ ਰਿਹਾ।  ਯੋਨ-ਸ਼ੋਸ਼ਣ ਦਾ ਸ਼ਿਕਾਰ ਪੀੜਤ ਮਹਿਲਾਵਾਂ ਦੀ ਹਿੰਮਤ, ਪੁਲਸ ਦੀ ਦਲੇਰੀ ਅਤੇ ਮੀਡੀਆ ਦੀ ਚੌਕਸੀ ਦੇ ਕਾਰਨ ਹੀ ਅੱਜ ਕਈ ਦੋਸ਼ੀ ਬਾਬੇ ਜੇਲ ਪਹੁੰਚ ਚੁੱਕੇ ਹਨ। ਆਓ ਜਾਣਦੇ ਹਾਂ ਇਨ੍ਹਾਂ ਦੋਸ਼ੀ ਬਾਬਿਆਂ ਬਾਰੇ।

PunjabKesari
ਰਾਮ ਰਹੀਮ ਅਤੇ ਹਨੀਪ੍ਰੀਤ
ਬਾਬਾ ਰਾਮ ਰਹੀਮ ਨੇ ਦੇਸ਼-ਵਿਦੇਸ਼ 'ਚ ਸੰਤਾਂ ਦੇ ਨਾਂ ਨੂੰ ਵੱਟਾ ਲਗਾਇਆ। ਪਹਿਲਾਂ ਤਾਂ ਰਾਮ ਰਹੀਮ ਨੇ ਜ਼ਬਰਦਸਤੀ ਭੋਲੇ-ਭਾਲੇ ਇਲਾਕਾ ਵਾਸੀਆਂ ਤੋਂ ਧਰਮ ਦੇ ਨਾਂ 'ਤੇ ਜ਼ਮੀਨਾਂ ਦਾਨ ਕਰਵਾਈਆਂ। ਉਹ ਜ਼ਮੀਨਾਂ ਟਰੱਸਟ ਦੇ ਨਾਂ 'ਤੇ ਕਰਵਾ ਕੇ ਬਾਅਦ 'ਚ ਉਹ ਜ਼ਮੀਨਾਂ ਆਪਣੇ ਨਾਂ 'ਤੇ ਟਰਾਂਸਫਰ ਕਰਵਾਈਆ। ਜਿਹੜੇ ਲੋਕ ਆਪਣੀਆਂ ਜ਼ਮੀਨਾਂ ਅਸਾਨੀ ਨਾਲ ਦਾਨ ਕਰ ਦਿੰਦੇ ਸਨ ਫਿਰ ਉਨ੍ਹਾਂ ਦੇ ਪੈਸੇ 'ਤੇ ਨਜ਼ਰ ਰੱਖੀ ਜਾਂਦੀ ਸੀ ਅਤੇ ਜਿਹੜੇ ਜ਼ਮੀਨਾਂ ਦਾਨ ਨਹੀਂ ਕਰਦੇ ਸਨ ਉਨ੍ਹਾਂ ਨੂੰ ਰਾਤੋ-ਰਾਤ ਗਾਇਬ ਕਰ ਦਿੱਤਾ ਜਾਂਦਾ ਸੀ। ਪੈਸੇ ਵਾਲੇ ਸਮਰਥਕਾਂ ਤੋਂ ਜ਼ਬਰਦਸਤੀ ਮਾਇਆ ਦਾਨ ਕਰਵਾਈ ਜਾਂਦੀ ਸੀ। ਰਾਮ ਰਹੀਮ ਨੇ ਡੇਰੇ ਅੰਦਰ ਆਪਣੀ ਕਰੰਸੀ ਚਲਾਈ, ਆਪਣੀਆਂ ਕਲੋਨੀਆਂ ਬਣਾਈਆਂ, ਆਪਣਾ ਸ਼ਹਿਰ ਤੱਕ ਬਣਾਇਆ। ਆਪਣੇ ਡੇਰੇ 'ਚ ਰਾਮ ਰਹੀਮ ਨੇ ਸਕੂਲ, ਕਾਲਜ, ਡਿਜ਼ਨੀ ਲੈਂਡ, ਐਲਫਿਨ ਟਾਵਰ, ਜਹਾਜ, ਹੋਟਲ, ਰਿਜ਼ਾਰਟ,ਕਾਰਖਾਨੇ, ਫਿਲਮ ਇੰਡਸਟਰੀ, ਹੋਸਟਲ, ਫੈਕਟਰੀਆਂ, ਸਿਨੇਮਾ ਘਰ ਬਣਾਏ ਹੋਏ ਸਨ। ਰਾਮ ਰਹੀਮ ਦੀ ਖੁਦ ਦੀ ਤਿਆਰ ਕੀਤੀ ਸਾਰੀ ਫਿਲਮੀ ਟੀਮ ਕੁਝ ਹੀ ਦਿਨ੍ਹਾਂ 'ਚ ਫਿਲਮ ਤਿਆਰ ਕਰ ਲੈਂਦੀ ਸੀ। ਆਪਣੇ ਡੇਰੇ 'ਚ ਰਾਮ ਰਹੀਮ ਨੇ ਗੁਫਾ ਬਣਾਈ ਹੋਈ ਸੀ। ਇਸ ਗੁਫਾ 'ਚ ਹੀ ਰਾਮ ਰਹੀਮ ਕੁੜੀਆਂ ਨਾਲ ਗੰਦਾ ਕੰਮ ਕਰਦਾ ਸੀ। ਆਪਣੇ ਹੋਟਲ ਨੂੰ ਰਾਮ ਰਹੀਮ ਕਿਰਾਏ 'ਤੇ ਦਿੰਦਾ ਸੀ ਜਿਸ ਦਾ ਕਿਰਾਇਆ 25 ਲੱਖ ਤੱਕ ਹੁੰਦਾ ਸੀ। ਮਹਿੰਗੀ ਤੋਂ ਮਹਿੰਗੀ ਕਾਰ, ਵਧੀਆ ਤੋਂ ਵਧੀਆ ਕੱਪੜਾ, ਦੇਸ਼-ਵਿਦੇਸ਼ ਦੇ ਕਈ ਸ਼ਹਿਰਾਂ 'ਚ ਘਰ ਅਤੇ ਫਲੈਟ, ਕਰੋੜਾਂ ਦੀ ਜਾਇਦਾਦ ਦਾ ਰਾਮ ਰਹੀਮ ਹੀ ਮਾਲਕ ਸੀ। ਰਾਮ ਰਹੀਮ ਡੇਰਾ ਪ੍ਰੇਮੀਆਂ ਨੂੰ ਵਿਆਜ 'ਤੇ ਪੈਸਾ ਦਿੰਦਾ ਸੀ। ਰਾਮ ਰਹੀਮ ਡੇਰੇ 'ਚ ਨਸ਼ੇ ਵਾਲਾ ਪ੍ਰਸ਼ਾਦ ਵਰਤਾਉਂਦਾ ਸੀ। ਇਸ ਨਸ਼ੇ 'ਚ ਹੀ ਮਸਤ ਹੋ ਕੇ ਡੇਰਾ ਪ੍ਰੇਮੀ ਰਾਮ ਰਹੀਮ ਦੇ ਸਤਸੰਗ ਸਮੇਂ ਝੂਮਦੇ ਸਨ। ਰਾਮ ਰਹੀਮ ਦੇ ਖਿਲਾਫ ਬੋਲਣ ਵਾਲੇ ਨੂੰ ਮਾਰ ਦਿੱਤਾ ਜਾਂਦਾ ਸੀ। ਰਾਮ ਰਹੀਮ 'ਤੇ 2 ਕਤਲ ਕੇਸ ਵੀ ਚਲ ਰਹੇ ਹਨ ਜਿਨ੍ਹਾਂ ਦਾ ਫੈਸਲਾ ਆਉਣਾ ਅਜੇ ਬਾਕੀ ਹੈ। ਇਸ ਤੋਂ ਇਲਾਵਾ ਪੰਚਕੂਲਾ ਹਿੰਸਾ ਦਾ ਵੀ  ਕੇਸ ਰਾਮ ਰਹੀਮ 'ਤੇ ਚਲ ਸਕਦਾ ਹੈ।  ਸੂਤਰਾਂ ਅਨੁਸਾਰ ਪਤਾ ਨਹੀਂ ਕਿੰਨੇ ਲੋਕਾਂ ਦੀਆਂ ਲਾਸ਼ਾਂ ਰਾਮ ਰਹੀਮ ਦੇ ਡੇਰੇ 'ਚ ਦੱਬੀਆਂ ਹੋਈਆਂ ਹਨ। ਰਾਮ ਰਹੀਮ ਦੇ ਡੇਰੇ 'ਚ ਗਏ ਕਈ ਲੋਕ ਅਜੇ ਤੱਕ ਆਪਣੇ ਘਰਾਂ 'ਚ ਵਾਪਸ ਨਹੀਂ ਪਰਤੇ। ਪਰਿਵਾਰ ਵਾਲੇ ਅੱਜ ਵੀ  ਭਿੱਜੀਆਂ ਅੱਖਾਂ ਨਾਲ ਉਨ੍ਹਾਂ ਦੇ ਵਾਪਸ ਆਉਣ ਦੀ ਆਸ ਲਗਾਈ ਬੈਠੇ ਹਨ। ਰਾਮ ਰਹੀਮ ਦੇ ਇਨ੍ਹਾਂ ਸਾਰੇ ਦੋਸ਼ਾਂ 'ਚ ਹਨੀਪ੍ਰੀਤ ਵੀ ਬਰਾਬਰ ਦੀ ਕਸੂਰਵਾਰ ਹੈ।

PunjabKesari
ਆਧਿਆਤਮਕ ਵਿਸ਼ਵ ਵਿਦਿਆਲਿਆ ਮਾਮਲਾ
ਨਵੀਂ ਦਿੱਲੀ ਰੋਹਿਣੀ ਇਲਾਕੇ ਵਿਚ 'ਆਧਿਆਤਮਕ ਵਿਸ਼ਵ ਵਿਦਿਆਲਿਆ' 'ਚ ਪੁਲਸ ਨੇ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਤੀਸਰੇ ਦਿਨ ਦੀ ਛਾਪੇਮਾਰੀ ਤੋਂ ਬਾਅਦ ਪੁਲਸ ਨੇ 100 ਤੋਂ ਵਧ ਬੰਧਕ ਮਹਿਲਾਵਾਂ ਨੂੰ ਆਜ਼ਾਦ ਕਰਵਾਇਆ। ਇਸ ਆਸ਼ਰਮ 'ਚ ਅਜੇ ਵੀ 100 ਤੋਂ ਵਧ ਮਹਿਲਾਵਾਂ ਹਨ ਜਿਨ੍ਹਾਂ ਨੇ ਬਾਹਰ ਆਉਣ ਤੋਂ ਮਨ੍ਹਾ ਕਰ ਦਿੱਤਾ ਜਦਕਿ ਵੀਰੇਂਦਰ ਦੇਵ ਦਿਕਸ਼ਿਤ ਅਜੇ ਤੱਕ ਫਰਾਰ ਹੈ।  ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਥੇ ਔਰਤਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੁੰਦਾ ਹੈ। ਇਥੇ ਛਾਪੇਮਾਰੀ ਦੌਰਾਨ ਕਈ ਇਤਰਾਜ਼ਯੋਗ ਵਸਤੂਆਂ ਬਰਾਮਦ ਕੀਤੀਆਂ ਗਈਆਂ ਹਨ।

PunjabKesari
ਨਿਤਿਆਨੰਦ ਸਵਾਮੀ
ਨਿਤਿਆਨੰਦ ਸਵਾਮੀ ਧਿਆਨਦੀਪਮ ਨਾਂ ਦਾ ਆਸ਼ਰਮ ਚਲਾਉਂਦੇ ਹਨ। 2010 'ਚ ਨਿਤਿਆਨੰਦ ਦੀ ਸੈਕਸ ਸੀ.ਡੀ. ਵਾਇਰਲ ਹੋਣ ਕਾਰਨ ਵਿਵਾਦ 'ਚ ਆਏ। ਇਸ ਸੀ.ਡੀ. 'ਚ ਨਿਤਿਆਨੰਦ ਸਵਾਮੀ ਇਕ ਅਦਾਕਾਰਾ ਨਾਲ ਸਰੀਰਕ ਸੰਬੰਧ ਬਣਾਉਂਦੇ ਦਿਖਾਈ ਦੇ ਰਹੇ ਸਨ। ਭਾਰਤ ਵਿਚ ਸੀ.ਡੀ. ਦੀ ਜਾਂਚ ਹੋਈ ਤਾਂ ਇਸ ਨੂੰ ਸਹੀ ਦੱਸਿਆ ਅਤੇ ਅਮਰੀਕਾ 'ਚ ਸੀ.ਡੀ. ਦੀ ਜਾਂਚ ਕਰਵਾਉਣ 'ਤੇ ਉਸ ਨਾਲ ਛੇੜਛਾੜ ਹੋਣ ਦਾ ਦਾਅਵਾ ਕੀਤਾ ਗਿਆ। ਇਸ ਸਮੇਂ ਨਿਤਿਆਨੰਦ ਜ਼ਮਾਨਤ 'ਤੇ ਬਾਹਰ ਆਏ ਹੋਏ ਹਨ।
ਸਵਾਮੀ ਪਰਮਾਨੰਦ
ਬਾਬਾ ਰਾਮ ਸ਼ੰਕਰ ਤਿਵਾਰੀ ਉਰਫ ਸਵਾਮੀ ਪਰਮਾਨੰਦ ਨੂੰ ਯੂ.ਪੀ. ਪੁਲਸ ਨੇ ਯੌਨ-ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਉਨ੍ਹਾਂ 'ਤੇ ਔਲਾਦ ਲੈਣ ਲਈ ਆਈਆਂ ਔਰਤਾਂ ਨਾਲ ਯੌਨ-ਸ਼ੋਸ਼ਣ ਕਰਨ ਦਾ ਦੋਸ਼ ਹੈ। ਸਵਾਮੀ ਪਰਮਾਨੰਦ ਦਾ ਇਕ ਵੀਡੀਓ ਵੀ ਵਾਇਰਲ ਹੋਇਆ ਸੀ ਜਿਸ 'ਚ ਉਹ ਇਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ 'ਚ ਦਿਖਾਈ ਦੇ ਰਹੇ ਸਨ। ਸੂਤਰਾਂ ਅਨੁਸਾਰ ਸਵਾਮੀ ਪਰਮਾਨੰਦ ਦੇ ਕਮਰੇ 'ਚੋਂ ਅਸ਼ਲੀਲ ਕਿਤਾਬਾਂ ਮਿਲਣ ਦੀ ਗੱਲ ਸਾਹਮਣੇ ਆਈ। ਉਨ੍ਹਾਂ ਦੇ ਕਮਰੇ 'ਚੋਂ ਤਾਕਤ ਦੀਆਂ ਦਵਾਈਆਂ ਅਤੇ ਕੰਡੋਮ ਮਿਲਣ ਦੀ ਗੱਲ ਵੀ ਸਾਹਮਣੇ ਆਈ ਸੀ। ਉਨ੍ਹਾਂ ਦੇ ਆਸ਼ਰਮ 'ਚ ਮੌਜੂਦ ਦੁਕਾਨ 'ਤੇ ਵੀ ਕੰਡੋਮ ਅਤੇ ਪੈਡ ਮਿਲਦੇ ਹਨ।
ਸੰਤ ਕੁਟੀਰ ਆਸ਼ਰਮ ਮਾਮਲਾ
ਉੱਤਰ-ਪ੍ਰਦੇਸ਼ ਦੀ ਬਸਤੀ ਦੇ ਸੰਤ ਕੁਟੀਰ ਆਸ਼ਰਮ ਦੇ 4 ਮਹੰਤਾਂ ਸਵਾਮੀ ਸੱਚਦਾਨੰਦ, ਪਰਮ ਚੇਤਨਾਨੰਦ, ਵਿਸ਼ਵਾਸਾਨੰਦ ਅਤੇ ਗਿਆਨ ਵੈਰਾਗਿਆਨੰਦ ਵਲੋਂ 4 ਸਾਧਵੀਆਂ ਨੂੰ ਕਾਬੂ ਕਰਕੇ ਉਨ੍ਹਾਂ ਨਾਲ ਕੁੱਟਮਾਰ ਅਤੇ ਸਮੁਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮਹਿਲਾਵਾਂ ਅਨੁਸਾਰ ਵਿਰੋਧ ਕਰਨ ਵਾਲੀਆਂ ਲੜਕੀਆਂ ਨੂੰ ਰੱਸੀਆਂ ਨਾਲ ਬੰਨ੍ਹ ਕੇ ਤਸ਼ੱਦਦਾਂ ਦਿੱਤੀਆਂ ਜਾਂਦੀਆਂ ਸਨ।

ਹਾਲਾਂਕਿ ਸਾਰੇ ਸੰਤ ਇਕੋ ਜਿਹੇ ਨਹੀਂ ਹੁੰਦੇ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਸੰਤ ਸਮਾਜ ਦੇ ਅਕਸ ਨੂੰ ਖਰਾਬ ਕਰਦੀਆਂ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਕੁਝ ਹੱਦ ਤੱਕ ਮਹਿਲਾਵਾਂ ਵੀ ਦੋਸ਼ੀ ਹਨ ਜੋ ਕਿ ਇਨ੍ਹਾਂ ਢੋਂਗੀ ਬਾਬਿਆਂ ਦੇ ਚੱਕਰ 'ਚ ਫੱਸ ਜਾਂਦੀਆਂ ਹਨ ਅਤੇ ਆਪਣਾ ਸਭ ਕੁਝ ਲੁਟਾ ਲੈਂਦੀਆਂ ਹਨ। ਸੋ ਮਹਿਲਾਵਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਉਮੀਦ ਕੀਤੀ ਜਾਂਦੀ ਹੈ ਕਿ ਸਮੇਂ ਦੇ ਨਾਲ ਲੋਕ ਇਸ ਮਾਮਲੇ 'ਚ ਚੌਕੰਣੇ ਹੋਣਗੇ।


Related News