ਨਾਰੀ ਸ਼ਕਤੀ ਨੂੰ ਸਲਾਮ; ਜ਼ਮੀਨ ਤੋਂ ਆਸਮਾਨ ਤੱਕ ‘ਜੌਹਰ’, ਭਾਰਤ ਨੂੰ ਪੁਲਾੜ ’ਚ ਲੈ ਗਈਆਂ ਇਹ ਬੀਬੀਆਂ

03/08/2021 12:45:59 PM

ਨਵੀਂ ਦਿੱਲੀ— ਅੱਜ ਯਾਨੀ ਕਿ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਹੈ ਅਤੇ ਪੂਰਾ ਦੇਸ਼ ਨਾਰੀ ਸ਼ਕਤੀ ਨੂੰ ਸਲਾਮ ਕਰ ਰਿਹਾ ਹੈ। ਘਰ ਦੀਆਂ ਤਮਾਮ ਜ਼ਿੰਮੇਵਾਰੀਆਂ ਨੂੰ ਬੀਬੀਆਂ ਬਾਖੂਬੀ ਨਿਭਾਉਂਦੀਆਂ ਹਨ। ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਬੀਬੀਆਂ ਸਮਾਜ ਦਾ ਧੁਰਾ ਹਨ ਅਤੇ ਜਿਨ੍ਹਾਂ ਨਾਲ ਘਰ-ਪਰਿਵਾਰ ਬਣਦਾ ਹੈ। ਸਦੀਆਂ ਤੋਂ ਜੋ ਸਮਾਜ ਬੀਬੀਆਂ ਦੀ ਕਾਬਲੀਅਤ ਨੂੰ ਘੱਟ ਮੰਨਦਾ ਸੀ, ਅੱਜ ਉਹ ਭਾਰਤੀ ਬੀਬੀਆਂ ਵਿਗਿਆਨਕ ਨੇ ਦੇਸ਼ ਦੇ ਕਦਮਾਂ ’ਚ ਇਤਿਹਾਸਕ ਸਫ਼ਲਤਾਵਾਂ ਰੱਖ ਕੇ ਉਸ ਸਮਾਜ ਨੂੰ ਸਟੀਕ ਜਵਾਬ ਦਿੱਤਾ ਹੈ। ਮੁੱਕਦੀ ਗੱਲ ਇਹ ਹੈ ਕਿ ਵਿਗਿਆਨ ਬੀਬੀ-ਪੁਰਸ਼ ਵਿਚ ਫ਼ਰਕ ਨਹੀਂ ਕਰਦਾ, ਸਿਰਫ ਕੰਮ ਮਾਇਨੇ ਰੱਖਦਾ ਹੈ। ਜ਼ਮੀਨ ’ਤੇ ਭਾਰਤ ਦੀ ਸ਼ਕਤੀ ਨੂੰ ਧਾਰ ਦੇਣ ਦੀ ਗੱਲ ਹੋਵੇ ਜਾਂ ਪੁਲਾੜ ’ਚ ਤਿਰੰਗਾ ਝੰਡਾ ਪਹੁੰਚਾਉਣਾ ਹੋਵੇ, ਇਨ੍ਹਾਂ ਬੀਬੀਆਂ ਨੇ ਸਾਬਤ ਕਰ ਦਿੱਤਾ। 

ਜੀ ਹਾਂ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨਾਲ ਅਗਨੀ ਮਿਜ਼ਾਈਲ ਨਾਲ ਜੁੜੀ ਟੇਸੀ ਥਾਮਸ, ਚੰਦਰਯਾਨ ਅਤੇ ਮੰਗਲਯਾਨ ਨਾਲ ਜੁੜੀ ਮੁਥੈਯਾ ਵਨੀਤਾ ਅਤੇ ਰਿਤੂ ਧਰੀਧਲ ਇਸ ਗੱਲ ਦੀ ਮਿਸਾਲ ਹਨ ਕਿ ਜਦੋਂ ਸਵਾਤੀ ਮੋਹਨ ਵਰਗੀ ਭਾਰਤੀ ਮੁੂਲ ਦੀਆਂ ਬੀਬੀਆਂ ਪੱਛਮੀ ਦੇਸ਼ਾਂ ਵਿਚ ਆਪਣੇ ਲੋਹਾ ਮਨਵਾ ਰਹੀਆਂ ਹਨ, ਤਾਂ ਪੁਲਾੜ ਨਾਲ ਜੁੜੇ ਸਵਾਲਾਂ ਦੇ ਜਵਾਬ ਲੱਭਣ ਵਿਚ ਇਸਰੋ ਦੇ ਅੰਦਰ ਇਹ ਵਿਗਿਆਨਕ ਕਿਸ ਤਰ੍ਹਾਂ ਮੋਰਚਾ ਸੰਭਾਲ ਰਹੀਆਂ ਹਨ।

PunjabKesari

ਮਿਜ਼ਾਈਲ ਵਿਮੈਨ ‘ਟੇਸੀ ਥਾਮਸ’
ਟੇਸੀ ਥਾਮਸ ਦਾ ਜਨਮ ਅਪ੍ਰੈਲ 1964, ਕੇਰਲ ਵਿਚ ਹੋਇਆ। ਉਹ ਭਾਰਤ ਦੀ ਪ੍ਰਸਿੱਧ ਬੀਬੀ ਵਿਗਿਆਨਕ ਹੈ। ਉਨ੍ਹਾਂ ਨੂੰ ਭਾਰਤ ਦੀ ਅਗਨੀ ਪੁੱਤਰੀ ਅਤੇ ਮਿਜ਼ਾਈਲ ਵਿਮੈਨ ਆਫ਼ ਇੰਡੀਆ ਕਿਹਾ ਜਾਂਦਾ ਹੈ। ਭਾਰਤ ਦੀ 3500 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਅਗਨੀ-4 ਮਿਜ਼ਾਈਲ ਦੇ ਸਫ਼ਲ ਪਰੀਖਣ ਤੋਂ ਬਾਅਦ ਹੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੀ ਬੀਬੀ ਵਿਗਿਆਨਕ ਡਾ. ਟੇਸੀ ਥਾਮਸ ਨੂੰ ਅਗਨੀ ਪੁੱਤਰੀ ਦੇ ਨਾਂ ਨਾਲ ਸੰਬੋਧਿਤ ਕੀਤਾ ਜਾਣ ਲੱਗਾ।  ਟੇਸੀ ਥਾਮਸ ਨੇ ਪੁਰਸ਼ਾਂ ਦੇ ਖੇਤਰ ਮੰਨੇ ਜਾਣ ਵਾਲੇ ਹਥਿਆਰਾਂ ਅਤੇ ਪਰਮਾਣੂ ਸਮਰੱਥਾ ਨਾਲ ਲੈੱਸ ਮਿਜ਼ਾਈਲਾਂ ਦੇ ਵਿਕਾਸ ’ਚ ਇਤਿਹਾਸ ਰਚਿਆ। ਉਨ੍ਹਾਂ ਨੇ ਅਗਨੀ ਮਿਜ਼ਾਈਲ ਵਿਚ ਲੱਗੀ ਗਾਈਡੈਂਸ ਸਕੀਮ ਨੂੰ ਡਿਜ਼ਾਈਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਇੰਸ ਦਾ ਕੋਈ ਜੈਂਡਰ ਨਹੀਂ ਹੁੰਦਾ।

PunjabKesari

ਮੁਥਾਯ ਵਨੀਤਾ- ਚੰਦਰਯਾਨ-2
ਮੁਥਾਯ ਵਨੀਤਾ ਅਤੇ ਇਸਰੋ ਦਾ ਸਾਥ 40 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਇਸ ਦੌਰਾਨ ਵਨੀਤਾ ਨੇ ਕਈ ਉੱਚਾਈਆਂ ਨੂੰ ਛੂਹਿਆ ਅਤੇ ਇਸਰੋ ਨੂੰ ਵੀ ਅੱਗੇ ਲੈ ਕੇ ਗਈ। ਉਨ੍ਹਾਂ ਨੇ ਸਾਲ 2013 ’ਚ ਮੰਗਲਯਾਨ ਦੇ ਲਾਂਚ ਅਤੇ ਸਫ਼ਲਤਾ ਵਿਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਦੇ ਮਹੱਤਵਪੂਰਨ ਚੰਦਰਯਾਨ-2 ਮਿਸ਼ਨ ਨਾਲ ਉਹ ਇਸਰੋ ਦੀ ਪਹਿਲੀ ਬੀਬੀ ਪ੍ਰਾਜੈਕਟ ਡਾਇਰੈਕਟਰ ਬਣੀ ਤਾਂ ਤੀਜੀ ਦੁਨੀਆ ਦਾ ਦੇਸ਼ ਆਖੇ ਜਾਣ ਵਾਲੇ ਭਾਰਤ ਨੇ ਸਾਬਤ ਕਰ ਦਿੱਤਾ ਕਿ ਸਾਡੇ ਦੇਸ਼ ਦੀਆਂ ਬੀਬੀਆਂ ਦੁਨੀਆ ਦੇ ਕਿਸੇ ਵੀ ਦੇਸ਼ ਤੋਂ ਪਿੱਛੇ ਨਹੀਂ ਹਨ। ਇਲੈਕਟ੍ਰਾਨਿਕ ਸਿਸਟਮ ਇੰਜੀਨੀਅਰ ਵਨੀਤਾ ਇਸ ਤੋਂ ਪਹਿਲਾਂ ਦੇਸ਼ ਦੀ ਰਿਮੋਟ ਸੈਂਸਿੰਗ ਸੈਟਲਾਈਟਸ ਦੇ ਡਾਟਾ ਆਪਰੇਸ਼ਨਸ ਨੂੰ ਵੀ ਸੰਭਾਲ ਚੁੱਕੀ ਹੈ। ਵਨੀਤਾ ਬਾਰੇ ਕਿਹਾ ਜਾਂਦਾ ਹੈ ਕਿ ਕੋਈ ਵੀ ਸਮੱਸਿਆ ਜਾਂ ਪਹੇਲੀ ਹੋਵੇ, ਉਨ੍ਹਾਂ ਦੇ ਸਾਹਮਣੇ ਟਿਕ ਨਹੀਂ ਸਕਦੀ। 

PunjabKesari

ਰਿਤੂ ਕਰੀਧਲ-ਮੰਗਲਯਾਨ
ਭਾਰਤ ਦੀ ਰਾਕੇਟ ਵਿਮੈਨ ਰਿਤੂ ਕਰੀਧਲ। ਮੰਗਲਯਾਨ ਲਈ 2013-14 ’ਚ ਡਿਪਟੀ ਆਪਰੇਸ਼ਨਸ ਡਾਇਰੈਕਟਰ ਰਹੀ ਰਿਤੂ ਨੇ ਚੰਦਰਯਾਨ-2 ਮਿਸ਼ਨ ਲਈ ਡਾਇਰੈਕਟਰ ਦਾ ਅਹੁਦਾ ਸੰਭਾਲਿਆ। ਚੰਦਰਯਾਨ-2 ਦੇ ਆਨਵਰਡ ਆਟੋਨਾਮੀ ਸਿਸਟਮ ਨੂੰ ਡਿਜ਼ਾਈਨ ਕਰਨਾ ਰਿਤੂ ਦੇ ਜ਼ਿੰਮੇ ਸੀ। ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੈਂਗਲੁਰੂ ਤੋਂ ਏਅਰੋਸਪੇਸ ਇੰਜੀਨੀਅਰਿੰਗ ਵਿਚ ਮਾਸਟਰਸ ਰਿਤੂ ਨੇ ਮਾਰਸ ਆਰਬਿਟ ਮਿਸ਼ਨ ਲਈ ਇਸਰੋ ਦੀ ਟੀਮ ਐਵਾਰਡ ਅਤੇ ਸਾਲ 2007 ਵਿਚ ਉਸ ਵੇਲੇ ਦੇ ਰਾਸ਼ਟਰਪਤੀ ਏ. ਪੀ. ਜੇ. ਅਬਦੁੱਲ ਕਲਾਮ ਆਜ਼ਾਦ ਤੋਂ ਇਸਰੋ ਯੰਗ ਸਾਇੰਟਿਸਟ ਐਵਾਰਡ ਵੀ ਆਪਣੇ ਨਾਮ ਕੀਤਾ ਹੈ।
 


Tanu

Content Editor

Related News