ਔਰਤਾਂ ਉਦਯੋਗ ਕੰਪਨੀਆਂ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ: ਸੀਤਾਰਮਨ

Saturday, Sep 17, 2022 - 05:35 PM (IST)

ਔਰਤਾਂ ਉਦਯੋਗ ਕੰਪਨੀਆਂ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਉਣ: ਸੀਤਾਰਮਨ

ਮੁੰਬਈ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੇ ਦਿਨੀਂ ਔਰਤ ਉੱਦਮੀਆਂ ਨੂੰ ਲੀਡਰਸ਼ਿਪ ਦੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਸੀਤਾਰਮਨ ਨੇ ਬੀ.ਐੱਸ.ਈ. ਹੈੱਡਕੁਆਰਟਰ 'ਚ ਮਹਿਲਾ ਨਿਰਦੇਸ਼ਕਾਂ ਦੀ ਕਾਨਫਰੰਸ 'ਚ ਕਿਹਾ ਕਿ ਕਾਰਪੋਰੇਟ ਜਗਤ 'ਚ ਉੱਚ ਅਹੁਦਿਆਂ 'ਤੇ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੇ ਮਨ ਵਿਚ ਇਹ ਭਾਵਨਾ ਬੈਠ ਗਈ ਹੈ ਕਿ ਉਨ੍ਹਾਂ ਨੂੰ ਲੀਡਰਸ਼ਿਪ ਦੀਆਂ ਭੂਮਿਕਾਵਾਂ ਵਿੱਚ ਸ਼ਾਮਲ ਹੋਣ ਲਈ ਵਾਰ-ਵਾਰ ਆਪਣੇ ਆਪ ਨੂੰ ਸਾਬਤ ਕਰਨ ਦੀ ਲੋੜ ਹੈ। ਇਸ ਦਾ ਹੱਲ ਇਹ ਹੈ ਕਿ ਇਸ ਔਰਤਾਂ ਦੀ ਚੰਗੀ ਅਗਵਾਈ ਅਤੇ ਸਹਿਯੋਗ ਕਰਕੇ ਉਨ੍ਹਾਂ ਨੂੰ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸ਼ਾਮਲ ਕੀਤਾ ਜਾਵੇ।

ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਅੰਕੜਿਆਂ ਮੁਤਾਬਿਕ ਘਰੇਲੂ ਕੰਪਨੀਆਂ ਦੇ ਨਿਰਦੇਸ਼ਕ ਮੰਡਲ 'ਚ ਔਰਤਾਂ ਦੀ ਔਸਤ ਸੰਖਿਆ 1.03 ਫ਼ੀਸਦੀ ਹੈ ਅਤੇ ਇਨ੍ਹਾਂ 'ਚੋਂ 58  ਫ਼ੀਸਦੀ ਸੁਤੰਤਰ ਨਿਰਦੇਸ਼ਕ ਹਨ ਜਦਕਿ 42 ਫ਼ੀਸਦੀ ਗੈਰ-ਸੁਤੰਤਰ ਨਿਰਦੇਸ਼ਕ ਹਨ। ਕੰਪਨੀਆਂ ਨੂੰ ਆਪਣੇ ਨਿਰਦੇਸ਼ਕ ਮੰਡਲ 'ਚ ਜ਼ਿਆਦਾ ਔਰਤਾਂ ਨੂੰ ਸ਼ਾਮਲ ਕਰਨ ਦੀ ਬੇਨਤੀ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਇਹ ਵਿਸ਼ਵ ਪੱਧਰ 'ਤੇ ਸਾਬਤ ਹੋ ਚੁੱਕਾ ਹੈ ਕਿ ਜਿਨ੍ਹਾਂ ਕੰਪਨੀਆਂ ਦੇ ਬੋਰਡ 'ਚ ਜ਼ਿਆਦਾ ਅਧਿਕਾਰੀ ਔਰਤਾਂ ਹਨ ਉਹ ਕੰਪਨੀਆਂ ਵਧੇਰੇ ਲਾਭ ਪ੍ਰਾਪਤ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਔਰਤਾਂ ਲਿੰਗ ਸਮਾਨਤਾ ਅਤੇ ਆਪਣੀ ਹਿੱਸੇਦਾਰੀ ਦੀ ਮੰਗ ਨਹੀਂ ਕਰ ਰਹੀਆਂ ਹਨ। ਕੇਂਦਰੀ ਮੰਤਰੀ ਨੇ ਇਹ ਵੀ ਮੰਨਿਆ ਕਿ ਕੰਪਨੀਆਂ ਵਿਚ ਮਹਿਲਾ ਅਧਿਕਾਰੀਆਂ ਦੀ ਗਿਣਤੀ ਵਧਾਉਣ ਦੀ ਲੋੜ ਹੈ। ਸੀਤਾਰਮਨ ਨੇ ਕਿਹਾ ਕਿ ਕਾਰਪੋਰੇਟ ਮਾਮਲਿਆਂ ਦਾ ਮੰਤਰਾਲਾ ਮਹਿਲਾ ਨਿਰਦੇਸ਼ਕਾਂ ਦੀ ਨਿਯੁਕਤੀ ਦੇ ਸਬੰਧ ਵਿੱਚ ਕੰਪਨੀ ਐਕਟ ਦੇ ਉਪਬੰਧਾਂ ਤੋਂ ਬਚਣ ਦੀਆਂ ਕੰਪਨੀਆਂ ਦੀਆਂ ਕੋਸ਼ਿਸ਼ਾਂ 'ਤੇ ਨਜ਼ਰ ਰੱਖ ਰਿਹਾ ਹੈ।
 


author

Harnek Seechewal

Content Editor

Related News