ਪਤੀ ਦੀ ਮੌਤ ''ਤੇ ਸਵਾਲ ਕਰਨਾ ਪਿਆ ਭਾਰੀ, ਔਰਤ ਨੂੰ ਜੁੱਤੀਆਂ ਦੀ ਮਾਲਾ ਪਹਿਨਾ ਪਿੰਡ ''ਚ ਘੁੰਮਾਇਆ

Wednesday, Feb 01, 2023 - 10:25 AM (IST)

ਪਤੀ ਦੀ ਮੌਤ ''ਤੇ ਸਵਾਲ ਕਰਨਾ ਪਿਆ ਭਾਰੀ, ਔਰਤ ਨੂੰ ਜੁੱਤੀਆਂ ਦੀ ਮਾਲਾ ਪਹਿਨਾ ਪਿੰਡ ''ਚ ਘੁੰਮਾਇਆ

ਨਾਸਿਕ (ਭਾਸ਼ਾ)- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਆਪਣੇ ਪਤੀ ਦੀ ਮੌਤ 'ਤੇ ਸ਼ੱਕ ਜਤਾਉਣ ਤੋਂ ਬਾਅਦ ਕੁਝ ਔਰਤਾਂ ਨੇ ਇਕ ਵਿਧਵਾ ਨੂੰ ਕੁੱਟਿਆ, ਉਸ ਦਾ ਮੂੰਹ ਕਾਲਾ ਕੀਤਾ ਅਤੇ ਜੁੱਤੀਆਂ ਦੀ ਮਾਲਾ ਪਹਿਨਾ ਕੇ ਉਸ ਦੀ ਪਰੇਡ ਕਰਵਾਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਨਾਸਿਕ ਸ਼ਹਿਰ ਤੋਂ 65 ਕਿਲੋਮੀਟਰ ਦੂਰ ਚਾਂਦਵਾਡ ਤਾਲੁਕਾ ਦੇ ਸ਼ਿਵਰੇ ਪਿੰਡ 'ਚ 30 ਜਨਵਰੀ ਨੂੰ ਹੋਈ। ਇਕ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਹਾਲ 'ਚ ਇਕ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਪੇਕੇ ਛੱਡ ਆਇਆ ਸੀ। ਉਹ ਉਸ ਦੀਆਂ ਧੀਆਂ ਨਾਲ 2 ਵਾਰ ਉਸ ਨੂੰ ਮਿਲਣ ਵੀ ਆਇਆ ਸੀ।

ਜਦੋਂ ਔਰਤ ਆਪਣੇ ਪੇਕੇ ਸੀ ਤਾਂ ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ ਹੈ। ਅਧਿਕਾਰੀ ਨੇ ਕਿਹਾ,''ਮੌਤ ਤੋਂ ਬਾਅਦ ਹੋਣ ਵਾਲੀਆਂ ਰਸਮਾਂ ਦੌਰਾਨ 30 ਜਨਵਰੀ ਨੂੰ ਔਰਤ ਨੇ ਆਪਣੇ ਪਤੀ ਦੀ ਮੌਤ 'ਤੇ ਸ਼ੱਕ ਜਤਾਇਆ, ਜਿਸ ਨਾਲ ਉਸ ਦੀ ਨਨਾਣ ਨੂੰ ਗੁੱਸਾ ਆ ਗਿਆ।'' ਅਧਿਕਾਰੀ ਅਨੁਸਾਰ, ਨਨਾਣ ਅਤੇ ਪਿੰਡ ਦੀਆਂ ਕੁਝ ਹੋਰ ਔਰਤਾਂ ਨੇ ਪੀੜਤਾਂ ਦਾ ਮੂੰਹ ਕਾਲਾ ਕੀਤਾ ਅਤੇ ਉਸ ਨੂੰ ਜੁੱਤੀਆਂ ਦੀ ਮਾਲਾ ਪਹਿਨਾ ਕੇ ਪਿੰਡ 'ਚ ਪਰੇਡ ਕਰਵਾਈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਬਚਾਇਆ। ਅਜੇ ਤੱਕ ਕੋਈ ਮਾਮਲਾ ਦਰਜ ਨਹੀਂ  ਕੀਤਾ ਗਿਆ ਹੈ।


author

DIsha

Content Editor

Related News