ਯੂਪੀ : ਘਰ ''ਚ ਵੜ੍ਹ ਕੇ ਬਜ਼ੁਰਗ ਔਰਤ ਦਾ ਕਤਲ, ਮਾਰੀਆਂ 10 ਗੋਲੀਆਂ (ਵੀਡੀਓ)

Thursday, Jan 25, 2018 - 02:19 AM (IST)

ਮੇਰਠ— ਉੱਤਰ ਪ੍ਰਦੇਸ਼ 'ਚ ਮੇਰਠ ਦੇ ਇਕ ਪਿੰਡ 'ਚ ਬੁੱਧਵਾਰ ਨੂੰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਘਰ 'ਚ ਦਾਖਲ ਹੋ ਕੇ ਤਿੰਨ ਨੌਜਵਾਨਾਂ ਨੇ ਇਕ 60 ਸਾਲਾਂ ਬਜ਼ੁਰਗ ਔਰਤ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦੇ ਬੇਟੇ ਦੀ ਲਾਸ਼ ਵੀ ਪਿੰਡ ਦੇ ਨੇੜੇਓਂ ਇਕ ਗੱਡੀ 'ਚੋਂ ਮਿਲੀ ਹੈ।
ਜਾਣਕਾਰੀ ਮੁਤਾਬਕ ਮੇਰਠ ਦੇ ਸੋਰਖਾ 'ਚ ਨਿਛੱਤਰ ਕੌਰ ਆਪਣੇ ਘਰ 'ਚ ਇਕ ਹੋਰ ਔਰਤ ਨਾਲ ਬੈਠੀ ਸੀ ਕਿ ਅਚਾਨਕ ਤਿੰਨ ਨੌਜਵਾਨ ਉਸ ਦੇ ਘਰ 'ਚ ਦਾਖਲ ਹੋਏ ਤੇ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰਾਂ ਨੇ ਮ੍ਰਿਤਕਾਂ ਕੋਲ ਬੈਠੀ ਔਰਤ ਨੂੰ ਉਥੋਂ ਚਲੇ ਜਾਣ ਲਈ ਕਿਹਾ। ਹਮਲਾਵਰਾਂ ਨੇ ਇਕ ਤੋਂ ਬਾਅਦ ਇਕ ਬਜ਼ੁਰਗ ਔਰਤ 'ਤੇ 10 ਗੋਲੀਆਂ ਚਲਾਈਆਂ। ਇਹ ਸਾਰੀ ਘਟਨਾ ਬਜ਼ੁਰਗ ਔਰਤ ਦੇ ਘਰ 'ਚ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ। ਇਸ ਮਾਮਲੇ 'ਚ ਹਮਲਾਵਰਾਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ ਕਿਉਂਕਿ ਸਾਰੇ ਹਮਲਾਵਰਾਂ ਦੇ ਮੂੰਹ ਢੱਕੇ ਹੋਏ ਸਨ।
ਜਾਣਕਾਰੀ ਮੁਤਾਬਕ ਨਿੱਛਤਰ ਕੌਰ ਤੇ ਉਸ ਦਾ ਬੇਟਾ ਬਲਵਿੰਦਰ, ਇਸੇ ਹਫਤੇ ਨਿੱਛਤਰ ਕੌਰ ਦੇ ਪਤੀ ਦੇ ਕਤਲ ਦੇ ਸਿਲਸਿਲੇ 'ਚ ਕੋਰਟ 'ਚ ਪੇਸ਼ ਹੋਣ ਵਾਲੇ ਸਨ। ਨਿੱਛਤਰ ਕੌਰ ਦੇ ਪਤੀ ਦਾ ਕਤਲ 2016 'ਚ ਜ਼ਮੀਨੀ ਵਿਵਾਦ ਕਾਰਨ ਕੀਤਾ ਗਿਆ ਸੀ। ਕੋਰਟ 'ਚ ਦੋਵਾਂ ਦੀ ਦੋਸ਼ੀਆਂ ਦੀ ਪਛਾਣ ਲਈ ਪੇਸ਼ੀ ਵੀਰਵਾਰ ਨੂੰ ਹੋਣ ਵਾਲੀ ਸੀ। ਪੁਲਸ ਨੇ ਇਸ ਮਾਮਲੇ 'ਚ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ ਦੇ ਪੰਜ ਪੁਲਸ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਜਾਂਚ 'ਚ ਲੱਗੀ ਹੋਈ ਹੈ।


Related News