ਕੌਣ ਹੋਵੇਗਾ ਦਿੱਲੀ ਦਾ ਅਗਲਾ ਮੁੱਖ ਮੰਤਰੀ?

Monday, Sep 16, 2024 - 10:32 AM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਅਚਨਚੇਤ ਐਲਾਨ ਤੋਂ ਬਾਅਦ ਉਨ੍ਹਾਂ ਦੀ ਸੰਭਾਵਿਤ ਬਦਲੀ ਵਜੋਂ ਉਨ੍ਹਾਂ ਦੀ ਪਤਨੀ ਸੁਨੀਤਾ ਅਤੇ ਉਨ੍ਹਾਂ ਦੇ ਮੰਤਰੀਆਂ ਆਤਿਸ਼ੀ ਅਤੇ ਗੋਪਾਲ ਰਾਏ ਦੇ ਨਾਵਾਂ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਹ ਦੋ ਦਿਨਾਂ ਬਾਅਦ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ ਅਤੇ ਦਿੱਲੀ 'ਚ ਜਲਦੀ ਚੋਣਾਂ ਦੀ ਮੰਗ ਕਰਨਗੇ। ਆਬਕਾਰੀ ਨੀਤੀ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇਕ ਕਥਿਤ ਮਾਮਲੇ 'ਚ ਸ਼ੁੱਕਰਵਾਰ ਨੂੰ ਤਿਹਾੜ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਏ ਕੇਜਰੀਵਾਲ ਨੇ ਕਿਹਾ ਕਿ ਅਗਲੇ ਕੁਝ ਦਿਨਾਂ 'ਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੀ ਬੈਠਕ ਹੋਵੇਗੀ ਅਤੇ ਪਾਰਟੀ ਦੇ ਇਕ ਨੇਤਾ ਨੂੰ ਮੁੱਖ ਮੰਤਰੀ ਚੁਣਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਜਦੋਂ ਤੱਕ ਲੋਕ ਉਨ੍ਹਾਂ ਨੂੰ 'ਇਮਾਨਦਾਰੀ ਦਾ ਸਰਟੀਫਿਕੇਟ' ਨਹੀਂ ਦੇ ਦਿੰਦੇ, ਉਦੋਂ ਤੱਕ ਉਹ ਮੁੱਖ ਮੰਤਰੀ ਦੀ ਕੁਰਸੀ 'ਤੇ ਨਹੀਂ ਬੈਠਣਗੇ। ਵਰਕਰਾਂ ਨੂੰ ਸੰਬੋਧਿਤ ਕਰਨ ਲਈ ਪਤਨੀ ਸੁਨੀਤਾ ਨਾਲ ਪਾਰਟੀ ਹੈੱਡਕੁਆਰਟਰ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਉਹ ਅਤੇ ਮਨੀਸ਼ ਸਿਸੋਦੀਆ ਕ੍ਰਮਵਾਰ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਉਦੋਂ ਹੀ ਬਣਨਗੇ,''ਜਦੋਂ ਲੋਕ ਕਹਿਣਗੇ ਕਿ ਅਸੀਂ ਇਮਾਨਦਾਰ ਹਾਂ।''

ਸਿਸੋਦੀਆ ਨੂੰ ਆਬਕਾਰੀ ਨੀਤੀ ਮਾਮਲੇ 'ਚ ਪਿਛਲੇ ਮਹੀਨੇ ਜ਼ਮਾਨਤ ਮਿਲੀ ਸੀ। ਕੇਜਰੀਵਾਲ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਉਹ ਇਮਾਨਦਾਰ ਹਨ ਤਾਂ ਅਗਲੇ ਸਾਲ ਦੇ ਸ਼ੁਰੂ 'ਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ (ਕੇਜਰੀਵਾਲ) ਨੂੰ ਵੋਟ ਪਾਉਣ, ਨਹੀਂ ਤਾਂ ਨਹੀਂ। ਹਾਲਾਂਕਿ ਕੇਜਰੀਵਾਲ ਦੇ ਅਸਤੀਫੇ ਦੇ ਐਲਾਨ ਤੋਂ ਬਾਅਦ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਕੇਜਰੀਵਾਲ ਇਸ ਅਹੁਦੇ ਲਈ ਸੰਭਾਵਿਤ ਉਮੀਦਵਾਰ ਹੋ ਸਕਦੀ ਹੈ। ਆਮ ਆਦਮੀ ਪਾਰਟੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਨੂੰ ਇਸ ਸਾਲ 21 ਮਾਰਚ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫ਼ਤਾਰ ਕੀਤਾ ਸੀ, ਉਦੋਂ ਸੁਨੀਤਾ ਕੇਜਰੀਵਾਲ ਨੇ ਦਿੱਲੀ, ਗੁਜਰਾਤ ਅਤੇ ਹਰਿਆਣਾ 'ਚ ਹਾਲ ਹੀ 'ਚ ਹੋਈਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਪ੍ਰਚਾਰ 'ਚ ਅਹਿਮ ਭੂਮਿਕਾ ਨਿਭਾਈ ਸੀ। ਪਾਰਟੀ ਕਾਰਜਕਾਰੀ ਨੇ ਦਲੀਲ ਦਿੱਤੀ ਕਿ ਉਹ ਸਾਬਕਾ ਭਾਰਤੀ ਮਾਲ ਸੇਵਾ (ਆਈਆਰਐੱਸ) ਅਧਿਕਾਰੀ ਹੈ, ਜੋ ਸਰਕਾਰ ਦੇ ਕੰਮਕਾਜ ਨੂੰ ਵੀ ਸਮਝਦੀ ਹੈ। ਹਾਲਾਂਕਿ, 'ਆਪ' ਦੇ ਇਕ ਹੋਰ ਸੀਨੀਅਰ ਆਗੂ ਨੇ ਦਾਅਵਾ ਕੀਤਾ ਕਿ ਪਾਰਟੀ ਦਾ ਕੋਈ ਵਿਧਾਇਕ ਹੀ ਨਵਾਂ ਮੁੱਖ ਮੰਤਰੀ ਬਣੇਗਾ। ਕੇਜਰੀਵਾਲ ਨੇ ਕਿਹਾ ਕਿ ਅਗਲੇ ਮੁੱਖ ਮੰਤਰੀ ਦਾ ਨਾਂ ਮੰਗਲਵਾਰ ਨੂੰ ਪਾਰਟੀ ਵਿਧਾਇਕਾਂ ਦੀ ਬੈਠਕ 'ਚ ਤੈਅ ਕੀਤਾ ਜਾਵੇਗਾ। ਮੁੱਖ ਮੰਤਰੀ ਅਹੁਦੇ ਦੇ ਸੰਭਾਵਿਤ ਉਮੀਦਵਾਰਾਂ ਵਿਚ ਮੰਤਰੀ ਕੈਲਾਸ਼ ਗਹਿਲੋਤ ਅਤੇ ਸੌਰਭ ਭਾਰਦਵਾਜ ਦੇ ਨਾਂ ਵੀ ਸ਼ਾਮਲ ਹਨ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 'ਆਪ' ਕਿਸੇ ਦਲਿਤ ਜਾਂ ਮੁਸਲਿਮ ਵਿਧਾਇਕ ਨੂੰ ਅੱਗੇ ਲਿਆ ਸਕਦੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News