ਜਦੋਂ ਸੋਨੀਆ ਗਾਂਧੀ ਨੇ ਰਾਹੁਲ ਦੇ ਪ੍ਰਸਤਾਵ ਨੂੰ ਰੋਕਿਆ

Wednesday, May 06, 2026 - 10:21 PM (IST)

ਜਦੋਂ ਸੋਨੀਆ ਗਾਂਧੀ ਨੇ ਰਾਹੁਲ ਦੇ ਪ੍ਰਸਤਾਵ ਨੂੰ ਰੋਕਿਆ

ਨੈਸ਼ਨਲ ਡੈਸਕ- ਭਾਰਤੀ ਰਾਸ਼ਟਰੀ ਕਾਂਗਰਸ ਦੇ ਗੁਪਤ ਗਲਿਆਰਿਆਂ ’ਚ, ਤਾਮਿਲਨਾਡੂ ਦੀ ਬੁਝਾਰਤ ਰਣਨੀਤੀ ਤੋਂ ਜ਼ਿਆਦਾ ਪਰਿਵਾਰਕ ਵਿਵਾਦ ਦਾ ਰੂਪ ਧਾਰਨ ਲੱਗੀ ਸੀ। ਰਾਹੁਲ ਗਾਂਧੀ ਬੇਚੈਨ ਅਤੇ ਬੇਸਬਰੇ ਹੋ ਕੇ, ਚੁੱਪ-ਚਾਪ ਇਕ ਸਿਆਸੀ ਦਾਅ ਖੇਡਣ ਦੀ ਤਿਆਰੀ ਕਰ ਰਹੇ ਸਨ। ਉਹ ਪੁਰਾਣੀ ਪ੍ਰਮੁੱਖ ਪਾਰਟੀ ਦ੍ਰਵਿੜ ਮੁਨੇਤਰ ਕਸ਼ਗਮ (ਡੀ. ਐੱਮ. ਕੇ.) ਨੂੰ ਛੱਡ ਕੇ ਅਦਾਕਾਰ ਤੋਂ ਨੇਤਾ ਬਣੇ ਵਿਜੇ ਦੀ ਅਗਵਾਈ ਵਾਲੀ ਤਮਿਲਗਾ ਵੇਤਰੀ ਕਸ਼ਗਮ (ਟੀ. ਵੀ. ਕੇ.) ਨਾਲ ਸਾਹਸੀ ਗੱਠਜੋੜ ਦੀ ਸੰਭਾਵਨਾ ਤਲਾਸ਼ ਰਹੇ ਸਨ। ਸੰਕੇਤ ਮਹੀਨ ਪਰ ਸਪੱਸ਼ਟ ਸਨ। ਇਸ ਸਾਲ ਜਨਵਰੀ ਦੀ ਸ਼ੁਰੂਆਤ ’ਚ ਸੈਂਸਰਸ਼ਿਪ ਵਿਵਾਦਾਂ ’ਤੇ ਵਿਜੇ ਪ੍ਰਤੀ ਰਾਹੁਲ ਦਾ ਜਨਤਕ ਬਚਾਅ ਕੋਈ ਅਚਾਨਕ ਸੰਜੋਗ ਨਹੀਂ ਸੀ, ਇਹ ਇਕ ਸਿਆਸੀ ਸੰਕੇਤ ਸੀ। ਡੀ. ਐੱਮ. ਕੇ. ਦੇ ਅਧੀਨ ਰਹਿਣ ਤੋਂ ਅੱਕ ਚੁੱਕੀ ਸੂਬਾ ਇਕਾਈ ਵੀ ਪੂਰੀ ਤਰ੍ਹਾਂ ਇਸ ਦੇ ਵਿਰੋਧ ’ਚ ਨਹੀਂ ਸੀ।

ਪਰ ਡੀ. ਐੱਮ. ਕੇ. ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ। ਸੀਨੀਅਰ ਨੇਤਾ ਕਨਿਮੋਝੀ ਚੁੱਪਚਾਪ ਦਿੱਲੀ ਲਈ ਰਵਾਨਾ ਹੋਈ ਅਤੇ ਜਨਵਰੀ ਦੀ ਠੰਡੀ ਸ਼ਾਮ ਨੂੰ 10 ਜਨਪਥ ਪਹੁੰਚੀ। ਉਨ੍ਹਾਂ ਦਾ ਸੰਦੇਸ਼ ਸਪੱਸ਼ਟ ਸੀ : ਕੋਈ ਵੀ ਵਿਵਾਦ ਨਾ ਛੇੜੇ। ਫਿਰ ਵੀ, ਰਾਹੁਲ ਆਪਣੇ ਰੁਖ਼ ’ਤੇ ਅੜੇ ਰਹੇ।

ਅੜਿੱਕਾ ਡੂੰਘਾ ਹੁੰਦਾ ਗਿਆ ਅਤੇ ਤਾਮਿਲਨਾਡੂ ’ਚ ਗੱਠਜੋੜ ਦਾ ਸਮੀਕਰਨ ਟੁੱਟਣ ਦੇ ਕੰਢੇ ’ਤੇ ਪਹੁੰਚ ਗਿਆ। ਅਜਿਹੇ ’ਚ ਸੋਨੀਆ ਗਾਂਧੀ ਦੀ ਐਂਟਰੀ ਹੋਈ। 3 ਮਾਰਚ ਨੂੰ ਕਾਂਗਰਸ ਦੀ ਸੀਨੀਅਰ ਨੇਤਾ ਨੇ ਆਪਣੇ ਵਿਸ਼ੇਸ਼ ਦ੍ਰਿੜ੍ਹ ਇਰਾਦੇ ਨਾਲ ਦਖ਼ਲਅੰਦਾਜ਼ੀ ਕੀਤੀ। ਫੋਨ ਕੀਤੇ ਗਏ, ਹੱਦਾਂ ਤੈਅ ਕੀਤੀਆਂ ਗਈਆਂ ਅਤੇ ਐੱਮ. ਕੇ. ਸਟਾਲਿਨ ਨਾਲ ਸਿੱਧਾ ਸੰਪਰਕ ਸਥਾਪਤ ਕੀਤਾ ਗਿਆ। ਸੰਦੇਸ਼ ਸਪੱਸ਼ਟ ਸੀ- ਕੋਈ ਰਿਸਕ ਨਹੀਂ ਲਿਆ ਜਾਵੇਗਾ। ਡੀ. ਐੱਮ. ਕੇ. ਨਾਲ ਗੱਠਜੋੜ ਕਾਇਮ ਰਹੇਗਾ। ਰਾਹੁਲ ਦਾ ਪ੍ਰਯੋਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ। ਨਾ ਚਾਹੁੰਦਿਆਂ ਹੋਇਆਂ ਹੀ ਸਹੀ, ਪਾਰਟੀ ਨੇ ਗੱਲ ਮੰਨ ਲਈ।

ਇਹ ਵੱਖਰੀ ਗੱਲ ਹੈ ਕਿ ਰਾਹੁਲ ਗਾਂਧੀ ਨੇ ਡੀ. ਐੱਮ. ਕੇ. ਨਾਲ ਕਿਸੇ ਵੀ ਸਾਂਝੀ ਰੈਲੀ ਨੂੰ ਸੰਬੋਧਨ ਨਹੀਂ ਕੀਤਾ ਪਰ ਸਿਆਸਤ ’ਚ ਸਮੇਂ ਦੀ ਖੇਡ ਬਹੁਤ ਸਖ਼ਤ ਹੁੰਦੀ ਹੈ। ਜਿਵੇਂ-ਜਿਵੇਂ ਨਤੀਜੇ ਆਉਣੇ ਸ਼ੁਰੂ ਹੋਏ, ਘੁਸਰ-ਮੁਸਰ ਤੇਜ਼ ਹੁੰਦੀ ਗਈ- ਕੀ ਰਾਹੁਲ ਨੇ ਉਹ ਵੇਖ ਲਿਆ ਸੀ ਜੋ ਦੂਜੇ ਨਹੀਂ ਵੇਖ ਸਕੇ?

ਮਣਿਕਮ ਟੈਗੋਰ ਅਤੇ ਪ੍ਰਵੀਨ ਚੱਕਰਵਰਤੀ ਬੇਹੱਦ ਖ਼ੁਸ਼ ਸਨ, ਕਿਉਂਕਿ ਕਾਂਗਰਸ ਨੇ ਡੀ. ਐੱਮ. ਕੇ. ਨਾਲੋਂ ਨਾਤਾ ਤੋੜ ਕੇ ਟੀ. ਵੀ. ਕੇ. ਨਾਲ ਹੱਥ ਮਿਲਾਉਣ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਸੀ। ਹੋ ਸਕਦਾ ਹੈ ਕਿ ਸੋਨੀਆ ਨੇ ਇਸ ’ਤੇ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕੀਤੀ ਹੋਵੇ ਪਰ ਫ਼ਿਲਹਾਲ, ਉਨ੍ਹਾਂ ਨੇ ਇਸ ਮਾਮਲੇ ਤੋਂ ਅੱਖਾਂ ਫੇਰ ਲਈਆਂ, ਜਦਕਿ ਰਾਹੁਲ ਨੇ ਟੀ. ਵੀ. ਕੇ. ਦਾ ਸਾਥ ਚੁਣਿਆ ਅਤੇ ਇਸ ਤਰ੍ਹਾਂ ਤਾਮਿਲਨਾਡੂ ’ਚ ਕਿਤੇ, 2029 ਦੇ ਉੱਜਵਲ ਭਵਿੱਖ ਲਈ ਸੁਨਹਿਰੇ ਮੌਕੇ ਨੂੰ ਚੁੱਪ-ਚਾਪ ਤਰੀਕੇ ਨਾਲ ਦਫ਼ਨ ਕਰ ਦਿੱਤਾ ਗਿਆ।


author

Rakesh

Content Editor

Related News