ਜਦੋਂ ਸਿੱਧੂ ਨੇ ਜੇਤਲੀ ਦੇ ਪੈਰ ਛੂਹੇ

12/31/2017 11:30:57 AM

ਨਵੀਂ ਦਿੱਲੀ— ਪੰਜਾਬ ਦੇ ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਫਤਰ 'ਚ ਅਚਾਨਕ ਪਹੁੰਚ ਕੇ ਸਾਰਿਆਂ ਨੂੰ ਹੈਰਾਨ ਹੀ ਨਹੀਂ, ਨਹੀਂ-ਨਹੀਂ- ਪ੍ਰੇਸ਼ਾਨ ਕਰ ਦਿੱਤਾ। ਸਿੱਧੂ ਪਹਿਲਾਂ ਲਈ ਕਿਸੇ ਪ੍ਰਵਾਨਗੀ ਤੋਂ ਬਿਨਾਂ ਹੀ ਸਿੱਧਾ ਜੇਤਲੀ ਦੇ ਦਫਤਰ 'ਚ ਜਾ ਪੁੱਜੇ। ਜੇਤਲੀ ਲਈ ਇਹ ਦਿਨ ਉਂਝ ਵੀ ਬਹੁਤ ਅਹਿਮ ਸੀ, ਕਿਉਂਕਿ ਉਸ ਦਿਨ ਉਨ੍ਹਾਂ ਦਾ ਜਨਮ ਦਿਨ ਸੀ। ਜੇਤਲੀ ਨੇ ਭਾਵੇਂ ਇਸ ਮੌਕੇ ਕਿਸੇ ਪਾਰਟੀ ਦਾ ਆਯੋਜਨ ਨਹੀਂ ਕੀਤਾ ਸੀ ਅਤੇ ਉਨ੍ਹਾਂ ਆਪਣੇ ਜਨਮ  ਦਿਨ ਦੀ ਸ਼ੁਰੂਆਤ ਲੋਧੀ ਗਾਰਡਨ ਤੋਂ ਸਵੇਰ ਸਮੇਂ ਕੀਤੀ। ਜੇਤਲੀ ਇਥੇ ਹਰ ਰੋਜ਼ ਸਵੇਰ ਦੀ ਸੈਰ ਕਰਨ ਲਈ ਆਉਂਦੇ ਹਨ ਅਤੇ ਇਹ ਉਨ੍ਹਾਂ ਦੀ ਮਨ-ਪਸੰਦ ਥਾਂ ਹੈ। ਉਨ੍ਹਾਂ ਆਪਣਾ ਜਨਮ ਦਿਨ ਮਨਾਇਆ ਅਤੇ ਸਿੱਧਾ ਸੰਸਦ ਭਵਨ ਪਹੁੰਚ ਗਏ, ਜਿਥੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਸਭ ਸਿਆਸੀ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਕਮਰੇ 'ਚ ਆ ਗਏ। ਅਚਾਨਕ ਹੀ ਨਵਜੋਤ ਸਿੰਘ ਸਿੱਧੂ ਵੀ ਉਥੇ ਪੁੱਜੇ ਅਤੇ ਉਨ੍ਹਾਂ ਜੇਤਲੀ ਨੂੰ ਵਧਾਈ ਦਿੱਤੀ। ਉਨ੍ਹਾਂ ਜੇਤਲੀ ਦੇ ਪੈਰ ਵੀ ਛੂਹੇ ਅਤੇ ਇਸ ਗੱਲ ਦਾ ਸੰਕੇਤ ਵੀ ਦਿੱਤਾ ਕਿ ਪੁਰਾਣੇ ਸਮੇਂ ਦੀ ਕੁੜੱਤਣ ਨੂੰ ਹੁਣ ਭੁੱਲ ਜਾਣਾ ਚਾਹੀਦਾ ਹੈ। ਜੇਤਲੀ ਅਸਲ ਵਿਚ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਹੋਈ ਆਪਣੀ ਹਾਰ ਲਈ ਸਿੱਧੂ ਨੂੰ ਜ਼ਿੰਮੇਵਾਰ ਮੰਨਦੇ ਹਨ, ਕਿਉਂਕਿ ਸਿੱਧੂ ਜੋ ਕਿ ਪ੍ਰਭਾਵਸ਼ਾਲੀ ਜੱਟ ਸਿੱਖ ਆਗੂ ਹਨ, ਨੇ ਜੇਤਲੀ ਲਈ ਚੋਣ ਪ੍ਰਚਾਰ ਨਹੀਂ ਕੀਤਾ ਸੀ। ਬਾਅਦ ਵਿਚ ਸਿੱਧੂ ਨੂੰ ਇਸ ਲਈ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ, ਕਿਉਂਕਿ ਭਾਜਪਾ ਚਾਹੁੰਦੀ ਸੀ ਕਿ ਸਿੱਧੂ ਨੂੰ ਪਾਰਟੀ ਵਿਚ ਹੀ ਰੱਖਿਆ ਜਾਵੇ ਪਰ ਸਿੱਧੂ ਨੇ ਅਚਾਨਕ ਹੀ ਰਾਜ ਸਭਾ ਦੀ ਮੈਂਬਰੀ ਵੀ ਛੱਡ ਦਿੱਤੀ ਅਤੇ ਨਾਲ ਹੀ ਭਾਜਪਾ ਨੂੰ ਵੀ ਛੱਡ ਦਿੱਤਾ ਅਤੇ ਕਾਂਗਰਸ 'ਚ ਸ਼ਾਮਲ ਹੋ ਗਏ, ਜਿਸ ਕਾਰਨ ਸਭ ਨੂੰ ਨਿਰਾਸ਼ਾ ਹੋਈ। ਉਦੋਂ ਤੋਂ ਸਿੱਧੂ ਅਤੇ ਜੇਤਲੀ ਇਕ-ਦੂਜੇ ਨੂੰ ਦੇਖ ਨਹੀਂ ਸੁਖਾਉਂਦੇ  ਸਨ। ਅਸਲ ਵਿਚ ਇਸ ਤਰ੍ਹਾਂ ਲੱਗਦਾ ਹੈ ਕਿ ਦੋਵਾਂ ਦਰਮਿਆਨ ਪਿਛਲੇ ਕੁਝ ਸਮੇਂ ਤੋਂ ਕੋਈ ਖਿਚੜੀ ਪੱਕ ਰਹੀ ਸੀ ਅਤੇ ਸਿੱਧੂ ਅਚਾਨਕ ਹੀ ਜੇਤਲੀ ਦੇ ਦਫਤਰ ਵਿਚ ਨਹੀਂ ਪੁੱਜੇ। ਸਿਆਸੀ ਹਲਕੇ ਸਿੱਧੂ ਦੇ ਜੇਤਲੀ ਦੇ ਦਰਬਾਰ 'ਚ ਅਚਾਨਕ ਆਉਣ ਕਾਰਨ ਕੁੱਝ ਚਿੰਤਾ ਵਿਚ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਦੀ ਜੇਤਲੀ ਨਾਲ ਹੋਈ ਮੁਲਾਕਾਤ ਤੋਂ ਚਿੰਤਤ ਨਹੀਂ ਹਨ। ਅਸਲ ਵਿਚ ਉਹ ਤਾਂ ਇਸ ਲਈ ਵੀ ਖੁਸ਼ ਹਨ ਕਿ ਹੁਣ ਪਾਰਟੀ ਹਾਈਕਮਾਨ ਨੂੰ ਸਿੱਧੂ ਦੀ ਭਰੋਸੇਯੋਗਤਾ ਦੇਖਣ ਦਾ ਮੌਕਾ ਮਿਲ ਗਿਆ ਹੈ।


Related News