ਬਾਇਡੇਨ ਦੇ ਰਾਸ਼ਟਰਪਤੀ ਬਣਨ ਨਾਲ ਭਾਰਤ-ਅਮਰੀਕਾ ਸਬੰਧਾਂ 'ਤੇ ਕੀ ਪਵੇਗਾ ਅਸਰ, ਪੜ੍ਹੋ ਪੂਰੀ ਖਬਰ

Monday, Nov 09, 2020 - 12:54 AM (IST)

ਵਾਸ਼ਿੰਗਟਨ - ਅਮਰੀਕਾ ਵਿਚ ਚੋਣ ਨਤੀਜਿਆਂ ਦੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਜਨਤਾ ਨੇ ਜੋਅ ਬਾਇਡੇਨ ਨੂੰ ਸੱਤਾ ਸੌਂਪਣ ਦਾ ਫੈਸਲਾ ਸੁਣਾ ਦਿੱਤਾ ਹੈ। ਭਾਰਤ ਸਮੇਤ ਦੁਨੀਆ ਦੇ ਪ੍ਰਮੁੱਖ ਨੇਤਾਵਾਂ ਨੇ ਬਾਇਡੇਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਪਰ ਬਾਇਡੇਨ ਦੇ ਇਨ ਅਤੇ ਟਰੰਪ ਦੇ ਆਊਟ ਹੋਣ ਨਾਲ ਭਾਰਤ ਦੇ ਨਾਲ ਸਬੰਧਾਂ 'ਤੇ ਕੀ ਅਸਰ ਪਵੇਗਾ, ਇਸ ਨੂੰ ਲੈ ਕੇ ਅਟਕਲਾਂ ਦਾ ਬਜ਼ਾਰ ਗਰਮ ਹੈ। ਬਾਇਡੇਨ ਭਾਰਤ ਦੇ ਪ੍ਰਤੀ ਕੀ ਰਵੱਈਆ ਅਪਣਾਉਂਦੇ ਹਨ, ਉਨ੍ਹਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਭਾਰਤ-ਅਮਰੀਕਾ ਵਿਚਾਲੇ ਦੋਸਤੀ ਦਾ ਸਿਲਸਿਲਾ ਜਾਰੀ ਰਹੇਗਾ ਜਾਂ ਨਹੀਂ, ਕਿਉਂਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਉਸ ਮੁਕਾਮ 'ਤੇ ਪਹੁੰਚ ਗਏ ਹਨ, ਜਿਥੋਂ ਪਿੱਛੇ ਮੁੜ ਕੇ ਨਹੀਂ ਦੇਖਿਆ ਜਾ ਸਕਦਾ।

ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਬਾਇਡੇਨ ਕੋਲ ਅਮਰੀਕਾ ਅਤੇ ਭਾਰਤ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਨ੍ਹਾਂ ਦੇ 14 ਸਾਲ ਪੁਰਾਣੇ ਸੁਪਨੇ ਨੂੰ ਪੂਰਾ ਕਰਨ ਦਾ ਇਕ ਮੌਕਾ ਹੈ। ਇਸ ਨੂੰ ਪੁਰਾਣਾ ਸੁਪਨਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਬਾਇਡੇਨ ਨੇ ਦਸੰਬਰ 2006 ਵਿਚ ਇਕ ਅਖਬਾਰ ਨਾਲ ਗੱਲਬਾਤ ਵਿਚ ਕਿਹਾ ਸੀ ਕਿ ਮੇਰਾ ਸੁਪਨਾ ਹੈ ਕਿ 2020 ਵਿਚ ਦੁਨੀਆ ਦੇ 2 ਸਭ ਤੋਂ ਕਰੀਬੀ ਮੁਲਕ ਭਾਰਤ ਅਤੇ ਅਮਰੀਕਾ ਹੋਣ। ਜੇਕਰ ਅਜਿਹਾ ਹੁੰਦਾ ਹੈ ਤਾਂ ਦੁਨੀਆ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਹੋਵੇਗੀ।

ਖਾਸ ਗੱਲ ਇਹ ਹੈ ਕਿ ਡੈਮੋਕ੍ਰੇਟ ਉਨੇ ਅਮਰੀਕੀ ਕੇਂਦ੍ਰਿਤ ਨਹੀਂ ਹਨ, ਜਿਸ ਦਾ ਭਾਰਤ ਨੂੰ ਫਾਇਦਾ ਮਿਲਣਾ ਚਾਹੀਦਾ ਹੈ, ਪਰ ਇਹ ਦੇਖਣਾ ਹੋਵੇਗਾ ਕਿ ਬਾਇਡੇਨ ਭਾਰਤ ਦੀਆਂ ਮੂਲ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਦਿਲਚਸਪੀ ਦਿਖਾਉਂਦੇ ਹਨ ਜਾਂ ਨਹੀਂ। ਇਨ੍ਹਾਂ ਵਿਚੋਂ ਇਕ ਸਮੱਸਿਆ ਪਾਕਿਸਤਾਨ ਦੇ ਭਾਰਤ ਵਿਰੋਧੀ ਰਵੱਈਏ ਨੂੰ ਲੈ ਕੇ ਹੈ ਅਤੇ ਦੂਜੀ ਚੀਨ ਦੇ ਹਮਲਾਵਰ ਰੁਖ ਨੂੰ ਲੈ ਕੇ। ਇਕ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਇਹ ਤਾਂ ਮੰਨਦੇ ਰਹੇ ਹਨ ਕਿ ਪਾਕਿਸਤਾਨ ਭਾਰਤ ਵਿਚ ਅੱਤਵਾਦ ਫੈਲਾਉਂਦਾ ਹੈ, ਪਰ ਉਹ ਇਸ ਤਰ੍ਹਾਂ ਦੇ ਬਿਆਨ ਦੇਣ ਤੱਕ ਜ਼ਿਆਦਾ ਸੀਮਤ ਰਹੇ। ਉਨ੍ਹਾਂ ਨੇ ਪਾਕਿਸਤਾਨ ਵਿਚ ਚੱਲ ਰਹੇ ਅੱਤਵਾਦੀ ਅੱਡਿਆਂ ਵੱਲ ਕਦੇ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ। ਅਮਰੀਕਾ ਤਾਲਿਬਾਨ ਅਤੇ ਹੋਰ ਅੱਤਵਾਦੀ ਸੰਗਠਨਾਂ ਨੂੰ ਪੋਸ਼ਿਤ ਕਰਨ ਵਾਲੇ ਪਾਕਿਸਤਾਨ ਦੀ ਮਦਦ ਕਰਦਾ ਰਿਹਾ। ਇਸ ਦਾ ਨੁਕਸਾਨ ਭਾਰਤ ਨੂੰ ਭੁਗਤਣਾ ਪਿਆ। ਪਾਕਿਸਤਾਨ ਅੱਤਵਾਦ ਨਾਲ ਲੱੜਣ ਦੇ ਨਾਂ 'ਤੇ ਅਮਰੀਕਾ ਤੋਂ ਮਦਦ ਲੈਂਦਾ ਰਿਹਾ ਅਤੇ ਅੱਤਵਾਦੀਆਂ ਨੂੰ ਪਾਲਦਾ ਰਿਹਾ।

ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਮਦਦ ਤਾਂ ਰੋਕ ਦਿੱਤੀ, ਪਰ ਤਾਲਿਬਾਨ ਨਾਲ ਸਮਝੌਤਾ ਕਰ ਲਿਆ। ਟਰੰਪ ਨੇ ਹੋਰ ਦੇਸ਼ਾਂ ਖਿਲਾਫ ਹਮਲਾਵਰ ਰਵੱਈਆ ਅਪਣਾਇਆ। ਹਾਲ ਹੀ ਦੇ ਦਿਨਾਂ ਵਿਚ ਉਨ੍ਹਾਂ ਨੇ ਚੀਨ ਦੇ ਪ੍ਰਤੀ ਖਾਸੀ ਹਮਲਾਵਰਤਾ ਦਿਖਾਈ। ਉਨ੍ਹਾਂ ਨੇ ਚੀਨ ਨਾਲ ਵਪਾਰਕ ਘਾਟਾ ਰੋਕਣ ਲਈ ਕਈ ਕਦਮ ਜ਼ਰੂਰ ਚੁੱਕੇ ਪਰ ਉਨ੍ਹਾਂ ਨਾਲ ਚੀਨ 'ਤੇ ਜ਼ਿਆਦਾ ਅਸਰ ਨਹੀਂ ਪਿਆ ਕਿਉਂਕਿ ਟਰੰਪ ਇਹ ਦੋਸ਼ ਲਾਉਂਦੇ ਰਹੇ ਹਨ ਕਿ ਬਾਇਡੇਨ ਚੀਨ ਦੇ ਪ੍ਰਤੀ ਨਰਮੀ ਰੱਖਦੇ ਹਨ, ਇਸ ਲਈ ਦੇਖਣਾ ਇਹ ਹੈ ਕਿ ਬਤੌਰ ਰਾਸ਼ਟਰਪਤੀ ਉਹ ਚੀਨ ਵੱਲੋਂ ਪੇਸ਼ ਕੀਤੀ ਜਾ ਰਹੀ ਚੁਣੌਤੀ ਨਾਲ ਕਿਸ ਤਰ੍ਹਾਂ ਨਜਿੱਠਦੇ ਹਨ। ਉਂਝ ਇਸ 'ਤੇ ਡੈਮੋਕ੍ਰੇਟ ਅਤੇ ਰਿਪਬਲਿਕਨ ਦੋਵੇਂ ਸਹਿਮਤ ਹਨ ਕਿ ਚੀਨ ਵਿਸ਼ਵ ਵਿਵਸਥਾ ਲਈ ਚੁਣੌਤੀ ਬਣ ਰਿਹਾ ਹੈ। ਅਮਰੀਕਾ ਚੀਨ ਦੇ ਮਾਮਲੇ ਵਿਚ ਜਿਹੜੀ ਨੀਤੀ ਅਪਣਾਵੇਗਾ, ਉਸ ਦਾ ਅਸਰ ਭਾਰਤ 'ਤੇ ਵੀ ਪਵੇਗਾ। ਭਾਰਤ ਦੇ ਪ੍ਰਤੀ ਚੀਨ ਦੇ ਹਮਲਾਵਰ ਰਵੱਈਆ ਦੀ ਟਰੰਪ ਪ੍ਰਸ਼ਾਸਨ ਨੇ ਨਿੰਦਾ ਤਾਂ ਕੀਤੀ ਪਰ ਉਸ ਤੋਂ ਜਿਹੋ ਜਿਹੀ ਮਦਦ ਦੀ ਉਮੀਦ ਸੀ, ਉਹ ਨਹੀਂ ਦਿਖੀ।


Khushdeep Jassi

Content Editor

Related News