ਹੁਣ ਸਾਬਕਾ ਮਿਸ ਵਰਲਡ ਡਾਇਨਾ 'ਤੇ ਬਿਆਨ ਦੇ ਕੇ ਫਸੇ ਤ੍ਰਿਪੁਰਾ ਦੇ ਸੀ.ਐੱਮ. ਬਿਪਲਬ ਦੇਵ
Friday, Apr 27, 2018 - 01:42 PM (IST)

ਅਗਰਤਲਾ— ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਇਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਚਰਚਾ 'ਚ ਹੈ। ਇਸ ਵਾਰ ਉਨ੍ਹਾਂ ਨੇ 21 ਸਾਲ ਪਹਿਲਾਂ ਡਾਇਨਾ ਹੇਡਨ ਨੂੰ ਮਿਸ ਵਰਲਡ ਦਾ ਖਿਤਾਬ ਦਿੱਤੇ ਜਾਣ 'ਤੇ ਸਵਾਲ ਚੁੱਕਿਆ ਹੈ। ਸੁੰਦਰਤਾ ਮੁਕਾਬਲੇ ਨੂੰ ਫਰਜ਼ੀ ਦੱਸਦੇ ਹੋਏ ਬਿਪਲਬ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹੇਡਨ ਨੂੰ ਖਿਤਾਬ ਦੇਣ ਦੇ ਪਿੱਛੇ ਦੀ ਪ੍ਰਕਿਰਿਆ ਸਮਝ 'ਚ ਨਹੀਂ ਆਈ। ਹਾਲਾਂਕਿ ਉਨ੍ਹਾਂ ਨੇ ਐਸ਼ਵਰਿਆ ਰਾਏ ਦੀਆਂ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਸਹੀ ਮਾਇਨੇ 'ਚ ਭਾਰਤੀ ਔਰਤਾਂ ਦਾ ਪ੍ਰਤੀਨਿਧੀਤੱਵ ਕਰਦੀ ਹੈ। ਉਨ੍ਹਾਂ ਨੇ ਕਿਹਾ,''ਅਸੀਂ ਔਰਤਾਂ ਨੂੰ ਲਕਸ਼ਮੀ, ਸਰਸਵਤੀ ਦੀ ਤਰ੍ਹਾਂ ਦੇਵੀ ਮੰਨਦੇ ਹਾਂ। ਐਸ਼ਵਰਿਆ ਰਾਏ ਭਾਰਤੀ ਔਰਤਾਂ ਦਾ ਪ੍ਰਤੀਨਿਧੀਤੱਵ ਕਰਦੀ ਹੈ। ਉਹ ਮਿਸ ਵਰਲਡ ਬਣੀ, ਠੀਕ ਹੈ ਪਰ ਮੈਨੂੰ ਡਾਇਨਾ ਹੇਡਨ ਦੀ ਸੁੰਦਰਤਾ ਸਮਝ 'ਚ ਨਹੀਂ ਆਉਂਦੀ।''
ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਲਗਾਤਾਰ 5 ਸਾਲ ਮਿਸ ਵਰਲਡ ਜਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਇਹ ਖਿਤਾਬ ਡਾਇਨਾ ਨੂੰ ਮਿਲਣਾ ਚਾਹੀਦਾ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਇੰਟਰਨੈੱਟ ਨੂੰ ਮਹਾਭਾਰਤ ਦੇ ਸਮੇਂ ਤੋਂ ਮੌਜੂਦ ਹੋਣ ਦੀ ਗੱਲ ਕੀਤੀ ਸੀ, ਜਿਸ 'ਤੇ ਉਨ੍ਹਾਂ ਦੀ ਕਾਫੀ ਖਿੱਚਾਈ ਹੋਈ ਸੀ।
ਅੱਜ ਦੇਸ਼ ਦੇ ਹਰ ਕੋਨੇ 'ਚ ਇਕ ਬਿਊਟੀ ਪਾਰਲਰ
ਉਨ੍ਹਾਂ ਨੇ ਅੱਗੇ ਕਿਹਾ,''ਭਾਰਤੀ ਔਰਤਾਂ ਪੁਰਾਣੇ ਸਮੇਂ 'ਚ ਕਾਸਮੈਟਿਕਸ ਦੀ ਵਰਤੋਂ ਨਹੀਂ ਕਰਦੀਆਂ ਸਨ। ਭਾਰਤੀ ਵਾਲ ਧੋਣ ਵਾਲੇ ਸ਼ੈਂਪੂ ਦਾ ਨਹੀਂ, ਮੇਥੀ ਦੀ ਵਰਤੋਂ ਕਰਦੇ ਸਨ ਅਤੇ ਨਹਾਉਣ ਲਈ ਮਿੱਟੀ ਦੀ।'' ਉਨ੍ਹਾਂ ਨੇ ਸੁੰਦਰਤਾ ਮੁਕਾਬਲੇ ਦੇ ਆਯੋਜਕਾਂ ਨੂੰ ਇੰਟਰਨੈਸ਼ਨਲ ਮਾਰਕੀਟਿੰਗ ਮਾਫੀਆ ਦੱਸਿਆ, ਜਿਨ੍ਹਾਂ ਨੇ ਇਕ ਦੇਸ਼ 'ਚ ਵੱਡਾ ਮਾਰਕੀਟ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇਸ਼ ਦੇ ਹਰ ਕੋਨੇ 'ਚ ਇਕ ਬਿਊਟੀ ਪਾਰਲਰ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਬਿਆਨ ਉਦੋਂ ਆਇਆ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਨੇਤਾਵਾਂ ਨੂੰ ਬਿਆਨਾਂ ਨੂੰ ਲੈ ਕੇ ਸਾਵਧਾਨ ਰਹਿਣ ਲਈ ਕਿਹਾ ਹੈ ਅੇਤ ਕੋਈ ਵੀ ਗੈਰ-ਜ਼ਿੰਮੇਵਾਰਾਨਾ ਬਿਆਨ ਨਾ ਦੇਣ ਲਈ ਕਿਹਾ ਹੈ।