ਆਫ਼ ਦਾ ਰਿਕਾਰਡ : ਤ੍ਰਿਣਮੂਲ ਲਈ ਅੱਗੇ ਕੀ?

Friday, May 15, 2026 - 11:40 PM (IST)

ਆਫ਼ ਦਾ ਰਿਕਾਰਡ : ਤ੍ਰਿਣਮੂਲ ਲਈ ਅੱਗੇ ਕੀ?

ਨੈਸ਼ਨਲ ਡੈਸਕ- ਤ੍ਰਿਣਮੂਲ ਕਾਂਗਰਸ ਲਈ ਅੱਗੇ ਕੀ ਹੈ, ਇਹ ਬਹੁਤ ਵੱਡਾ ਸਵਾਲ ਹੈ। ਹਾਲਾਂਕਿ, ਇਕ ਗੱਲ ਤਾਂ ਪੱਕੀ ਹੈ ਕਿ ਮਮਤਾ ਬੈਨਰਜੀ ਇਕ ‘ਸਟ੍ਰੀਟ-ਫਾਈਟਰ’ ਹੈ, ਇਕ ਅਜਿਹੀ ਆਗੂ ਜੋ ਸਿੱਧੇ ਟਕਰਾਅ ਵਿਚ ਕਾਮਯਾਬ ਹੁੰਦੀ ਹੈ। ਉਹ ਭਾਜਪਾ ਨੂੰ ਬਿਨਾਂ ਕਿਸੇ ਵਿਰੋਧ ਦੇ ਪੱਛਮੀ ਬੰਗਾਲ ’ਤੇ ਰਾਜ ਕਰਨ ਦੀ ਇਜਾਜ਼ਤ ਸ਼ਾਇਦ ਹੀ ਦੇਵੇਗੀ। ਓਡਿਸ਼ਾ ਦੇ ਉਲਟ, ਜਿੱਥੇ ਭਾਜਪਾ ਨੂੰ ਬਹੁਤ ਘੱਟ ਵਿਰੋਧ ਦਾ ਸਾਹਮਣਾ ਕਰਨਾ ਪਿਆ, ਬੰਗਾਲ ਇਕ ‘ਜੰਗ ਦਾ ਮੈਦਾਨ’ ਬਣਿਆ ਰਹੇਗਾ, ਜਿੱਥੇ ਮਮਤਾ ਖ਼ੁਦ ਸਰਕਾਰ ਨਾਲ ਮੁਕਾਬਲਾ ਕਰੇਗੀ।

ਫਿਰ ਵੀ, ਸਮਾਂ ਉਸਦੇ ਨਾਲ ਨਹੀਂ ਹੈ। ਆਪਣੇ ਭਤੀਜੇ, ਅਭਿਸ਼ੇਕ ਬੈਨਰਜੀ ਨੂੰ ਉੱਤਰਾਧਿਕਾਰੀ ਦੇ ਤੌਰ ’ਤੇ ਪ੍ਰਾਜੈਕਟ ਕਰਨ ਦੇ ਉਸ ਦੇ ਫੈਸਲੇ ਨੂੰ ਉਹ ਵਿਆਪਕ ਲੋਕਪ੍ਰਿਯਤਾ ਨਹੀਂ ਮਿਲ ਸਕੀ, ਜੋ ਉਨ੍ਹਾਂ ਨੂੰ ਖ਼ੁਦ ਹਾਸਲ ਹੈ। ਇਹ ਅੰਤਰ ਉੱਤਰਾਧਿਕਾਰ ਅਤੇ ਪਾਰਟੀ ਵਿਚ ਇੱਕਜੁੱਟਤਾ ’ਤੇ ਸਵਾਲ ਖੜ੍ਹੇ ਕਰਦਾ ਹੈ।

ਚੋਣਾਂ ਦੌਰਾਨ ਕੁਝ ਰਾਜ ਸਭਾ ਮੈਂਬਰਾਂ ਸਮੇਤ ਤ੍ਰਿਣਮੂਲ ਦੇ ਕਰੀਬ 15 ਸੰਸਦ ਮੈਂਬਰਾਂ ਦੇ ਭਾਜਪਾ ਦੇ ਸੰਪਰਕ ਵਿਚ ਹੋਣ ਦੀਆਂ ਅਫ਼ਵਾਹਾਂ ਨੂੰ ਪਾਰਟੀ ਨੇ ਮਨੋਵਿਗਿਆਨਕ ਜੰਗ ਕਹਿ ਕੇ ਖਾਰਜ ਕਰ ਦਿੱਤਾ ਸੀ, ਪਰ ਕੀ ਹੁਣ ਅਜਿਹੀਆਂ ਅਟਕਲਾਂ ਸੱਚ ਸਾਬਤ ਹੋ ਸਕਦੀਆਂ ਹਨ? ਬੰਗਾਲ ਦਾ ਸਿਆਸੀ ਇਤਿਹਾਸ ਇਸ ਦੇ ਸੰਕੇਤ ਦਿੰਦਾ ਹੈ। ਜਿੱਥੇ ਲੈਫਟ ਕੇਡਰ ਸ਼ਾਇਦ ਹੀ ਕਦੇ ਦਲ-ਬਦਲੀ ਕਰਦੇ ਸਨ, ਉੱਥੇ ਹੀ ਕਾਂਗਰਸ ਦੇ ਆਗੂ ਅਕਸਰ ਪਾਲਾ ਬਦਲ ਲੈਂਦੇ ਸਨ। ਤ੍ਰਿਣਮੂਲ ਖ਼ੁਦ ਕਾਫੀ ਹੱਦ ਤੱਕ ਉਸੇ ਕਾਂਗਰਸ ਦੀ ਵਿਰਾਸਤ ’ਤੇ ਅਧਾਰਿਤ ਹੈ—ਅਜਿਹੇ ਆਗੂ ਜੋ ਸੱਤਾ ਵਿਚ ਰਹਿਣ ਦੇ ਆਦੀ ਹਨ।

ਜੇਕਰ ਇਹ ਸੋਚ ਬਣਦੀ ਹੈ ਕਿ ਭਾਜਪਾ ਲੰਬੇ ਸਮੇਂ ਤੱਕ ਬੰਗਾਲ ਵਿਚ ਜੰਮੇ ਰਹਿਣ ਵਾਲੀ ਹੈ, ਤਾਂ ਦਲ-ਬਦਲੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। 29 ਸੰਸਦ ਮੈਂਬਰਾਂ ਦੇ ਨਾਲ, ਤ੍ਰਿਣਮੂਲ ਇਕ ਵੱਡਾ ਗਰੁੱਪ ਬਣਿਆ ਹੋਇਆ ਹੈ ਅਤੇ ਇਕ ਸੰਭਾਵਿਤ ਨਿਸ਼ਾਨਾ ਵੀ। ਹੈਰਾਨ ਨਾ ਹੋਵੋ ਜੇਕਰ ‘ਆਪ੍ਰੇਸ਼ਨ ਲੋਟਸ’ ਸੂਬੇ ਵਿਚ ਚੁੱਪ-ਚੁਪੀਤੇ ਤੇਜ਼ੀ ਫੜ ਲੈਂਦਾ ਹੈ, ਖ਼ਾਸ ਕਰ ਕੇ ਘੱਟ ਗਿਣਤੀ ਬਹੁਗਿਣਤੀ ਵਾਲੇ ਚੋਣ ਖੇਤਰਾਂ ਤੋਂ ਪਰ੍ਹੇ।


author

Rakesh

Content Editor

Related News