ਪੱਛਮੀ ਦਿੱਲੀ ''ਚ ਮੁਹੱਰਮ ਦੌਰਾਨ ਭੀੜ ਤੇ ਪੁਲਸ ਮੁਲਾਜ਼ਮਾਂ ਵਿਚਾਲੇ ਝੜਪ, FIR ਦਰਜ
Sunday, Jul 30, 2023 - 05:17 PM (IST)
ਨਵੀਂ ਦਿੱਲੀ- ਪੱਛਮੀ ਦਿੱਲੀ ਦੇ ਨਾਂਗਲੋਈ 'ਚ ਮੁਹੱਰਮ ਦੌਰਾਨ ਲੋਕਾਂ ਦੇ ਸਮੂਹ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਝੜਪ ਹੋ ਗਈ, ਜਿਸ ਵਿਚ 6 ਪੁਲਸ ਮੁਲਾਜ਼ਮ ਸਣੇ 12 ਲੋਕ ਜ਼ਖ਼ਮੀ ਹੋਏ ਗਏ ਸਨ। ਪੁਲਸ ਨੇ ਇਸ ਘਟਨਾ ਦੇ ਸਬੰਧ 'ਚ 3 ਮਾਮਲੇ ਦਰਜ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਨਾਂਗਲੋਈ ਥਾਣਾ ਮੁਖੀ ਦਿਆਲ ਦੀ ਸ਼ਿਕਾਇਤ 'ਤੇ ਨਾਂਗਲੋਈ ਪੁਲਸ ਥਾਣੇ ਵਿਚ ਆਈ. ਪੀ. ਸੀ. ਦੀ ਧਾਰਾ ਅਤੇ ਜਨਤਕ ਜਾਇਦਾਦ ਨਿਵਾਰਨ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਪਹਿਲੀ FIR ਦਰਜ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਸੀ ਕਿ ਨਾਂਗਲੋਈ ਵਿਚ ਮੁਹੱਰਮ ਦੇ ਜਲੂਸ ਲਈ ਤੈਅ ਮਾਰਗ ਨੂੰ ਬਦਲਣ ਤੋਂ ਰੋਕਣ ਮਗਰੋਂ ਲੋਕਾਂ ਨੇ ਹੰਗਾਮਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਪੁਲਸ ਨਾਲ ਝੜਪ ਹੋ ਗਈ। ਪੁਲਸ ਨੇ ਬੇਕਾਬੂ ਭੀੜ ਨੂੰ ਤਿਤਰ-ਬਿਤਰ ਕਰਨ ਲਈ ਲਾਠੀਚਾਰਜ ਕੀਤਾ ਸੀ।
ਪੁਲਸ ਡਿਪਟੀ ਕਮਿਸ਼ਨਰ ਹਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਸੂਰਜਮਲ ਸਟੇਡੀਅਮ 'ਚ ਵਾਪਰੀ। ਸਿੰਘ ਨੇ ਦੱਸਿਆ ਕਿ ਦੂਜੀ FIR ਨਾਂਗਲੋਈ ਚੌਕ 'ਤੇ ਹੋਈ ਇਕ ਘਟਨਾ ਦੇ ਸਬੰਧ ਵਿਚ ਨਾਂਗਲੋਈ ਪੁਲਸ ਥਾਣੇ ਦੇ ਇੰਸਪੈਕਟਰ ਨਾਨਗ ਰਾਮ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਤੀਜੀ FIR ਨਾਂਗਲੋਈ ਵਿਚ ਮੈਟਰੋ ਸਟੇਸ਼ਨ ਦੇ ਨੇੜੇ ਵਾਪਰੀ ਇਕ ਘਟਨਾ ਲਈ ਹੈੱਡ ਕਾਂਸਟੇਬਲ ਮੁਕੇਸ਼ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਕੀਤੀ ਗਈ ਹੈ। ਪੁਲਸ ਇਲਾਕੇ ਵਿਚ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ। ਪੁਲਸ ਮੁਤਾਬਕ ਅਪਰਾਧੀਆਂ ਦੀ ਪਛਾਣ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਥਿਤੀ ਆਮ ਹੈ ਅਤੇ ਕਾਨੂੰਨ ਵਿਵਸਥਾ ਕਾਇਮ ਕੀਤੀ ਜਾ ਰਹੀ ਹੈ।