ਪੱਛਮੀ ਬੰਗਾਲ: ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਦਰਮਿਆਨ 78.36 ਫੀਸਦੀ ਪੋਲਿੰਗ
Sunday, Apr 18, 2021 - 02:54 AM (IST)
ਕੋਲਕਾਤਾ : ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 5ਵੇਂ ਪੜਾਅ ਦੀਆਂ ਚੋਣਾਂ ਵਿਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਦਰਮਿਆਨ 78.36 ਫੀਸਦੀ ਤੋਂ ਵੱਧ ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਚੋਣ ਅਧਿਕਾਰੀਆਂ ਅਨੁਸਾਰ ਵੋਟਿੰਗ ਸ਼ੁਰੂ ਹੋਣ ਦੇ ਇਕ ਘੰਟੇ ਅੰਦਰ ਉੱਤਰ 24 ਪਰਗਨਾ ਜ਼ਿਲੇ ਦੇ ਕਮਾਰਹਾਟੀ ਵਿਧਾਨ ਸਭਾ ਚੋਣ ਖੇਤਰ ਵਿਚ ਇਕ ਬੂਥ ’ਤੇ ਭਾਜਪਾ ਦੇ ਪੋਲਿੰਗ ਏਜੰਟ ਨੂੰ ਦਿਲ ਦਾ ਦੌਰਾ ਪੈਣ ਦੀ ਘਟਨਾ ਸਾਹਮਣੇ ਆਈ। ਚੋਣ ਕਮਿਸ਼ਨ ਨੇ ਇਸ ਏਜੰਟ ਦੀ ਮੌਤ ਦੀ ਰਿਪੋਰਟ ਮੰਗੀ ਹੈ, ਜਿਸ ਦੀ ਪਛਾਣ ਅਭਿਜੀਤ ਭੱਟਾਚਾਰੀਆ ਵਜੋਂ ਹੋਈ ਹੈ। ਸੂਬੇ ਦੇ 6 ਜ਼ਿਲਿਆਂ ਵਿਚ ਹੋਈ ਪੋਲਿੰਗ ਦੌਰਾਨ ਇਕ ਆਜ਼ਾਦ ਉਮੀਦਵਾਰ ਸਮੇਤ 123 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਮੁੱਖ ਚੋਣ ਦਫਤਰ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਕੁਝ ਥਾਵਾਂ ’ਤੇ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਪੋਲਿੰਗ ਸ਼ਾਂਤੀਪੂਰਨ ਰਹੀ।’’ ਵਿਧਾਨ ਨਗਰ ਦੇ ਸ਼ਾਂਤੀਨਗਰ ਇਲਾਕੇ ਵਿਚ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਦੇ ਵਰਕਰਾਂ ਦਰਮਿਆਨ ਝੜਪ ਵਿਚ 8 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ, ਜਦੋਂਕਿ ਸਿਲੀਗੁੜੀ ਵਿਚ ਇਕ ਪੋਲਿੰਗ ਕੇਂਦਰ ਦੇ ਬਾਹਰ ਤ੍ਰਿਣਮੂਲ ਕਾਂਗਰਸ ਤੇ ਮਾਕਪਾ ਸਮਰਥਕਾਂ ਦਰਮਿਆਨ ਧੱਕਾ-ਮੁੱਕੀ ਹੋਈ। ਉੱਤਰ 24 ਪਰਗਨਾ ਦੇ ਬਿਜਪੁਰ ਵਿਚ ਵਿਰੋਧੀ ਧਿਰ ਵਲੋਂ ਵੋਟਰਾਂ ਨੂੰ ਬੂਥ ਵਿਚ ਜਾਣ ਤੋਂ ਰੋਕੇ ਜਾਣ ਦੇ ਦੋਸ਼ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਸਮਰਥਕਾਂ ਦਰਮਿਆਨ ਝੜਪ ਹੋਈ। ਚੋਣ ਕਮਿਸ਼ਨ ਨੇ ਦੱਖਣ 24 ਪਰਗਨਾ ਦੇ ਦੇਗੰਗਾ ਚੋਣ ਖੇਤਰ ਵਿਚ ਕੇਂਦਰੀ ਫੋਰਸਾਂ ਵਲੋਂ ਗੋਲੀਬਾਰੀ ਦੀ ਇਕ ਕਥਿਤ ਘਟਨਾ ’ਤੇ ਸ਼ਨੀਵਾਰ ਚੋਣ ਸੁਪਰਵਾਈਜ਼ਰਾਂ ਤੋਂ ਰਿਪੋਰਟ ਮੰਗੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।