ਸ਼ੋਭਨਦੇਵ ਨੇ ਦਿੱਤਾ ਅਸਤੀਫਾ, ਭਵਾਨੀਪੁਰ ਤੋਂ ਮਮਤਾ ਲੜ ਸਕਦੀ ਹੈ ਜ਼ਿਮਨੀ ਚੋਣ

Saturday, May 22, 2021 - 02:15 PM (IST)

ਸ਼ੋਭਨਦੇਵ ਨੇ ਦਿੱਤਾ ਅਸਤੀਫਾ, ਭਵਾਨੀਪੁਰ ਤੋਂ ਮਮਤਾ ਲੜ ਸਕਦੀ ਹੈ ਜ਼ਿਮਨੀ ਚੋਣ

ਕੋਲਕਾਤਾ- ਪੱਛਮੀ ਬੰਗਾਲ ਦੇ ਇਕ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਸ਼ੋਭਨਦੇਵ ਚਟੋਪਾਧਿਆਏ ਨੇ ਸ਼ੁੱਕਰਵਾਰ ਨੂੰ ਭਵਾਨੀਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ। ਇਸ ਤਰ੍ਹਾਂ ਪਾਰਟੀ ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਲਈ ਆਪਣੇ ਪੁਰਾਣੇ ਹਲਕੇ ਤੋਂ ਜ਼ਿਮਨੀ ਚੋਣ ਲੜਣ ਦਾ ਰਾਹ ਪੱਧਰਾ ਹੋ ਗਿਆ ਹੈ। ਹੁਣੇ ਜਿਹੇ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਨੰਦੀਪੁਰ ਤੋਂ ਹਾਰ ਦਾ ਸਾਹਮਣਾ ਕਰਨ ਵਾਲੀ ਮਮਤਾ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਟਿਕੇ ਰਹਿਣ ਲਈ 6 ਮਹੀਨਿਆਂ ਦੇ ਅੰਦਰ ਵਿਧਾਨ ਸਭਾ ਦਾ ਮੈਂਬਰ ਬਣਨਾ ਜ਼ਰੂਰੀ ਹੈ।

ਤ੍ਰਿਣਮੂਲ ਦੇ ਬੁਲਾਰੇ ਕੁਨਾਲ ਘੋਸ਼ ਨੇ ਮਮਤਾ ਦੇ ਜ਼ਿਮਨੀ ਚੋਣ ਲੜਣ ਦੇ ਸਵਾਲ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਸਹੀ ਸਮਾਂ ਆਉਣ ’ਤੇ ਪਾਰਟੀ ਬਿਆਨ ਜਾਰੀ ਕਰੇਗੀ। ਸ਼ੋਭਨਦੇਵ ਨੇ ਕਿਹਾ ਕਿ ਮੈਂ ਭਵਾਨੀਪੁਰ ਸੀਟ ਤੋਂ ਵਿਧਾਇਕ ਵਜੋਂ ਅਸਤੀਫ਼ਾ ਦੇ ਰਿਹਾ ਹਾਂ, ਇਹ ਮੇਰਾ ਅਤੇ ਪਾਰਟੀ ਦਾ ਫ਼ੈਸਲਾ ਹੈ। ਮੈਂ ਖੁਸ਼ੀ ਨਾਲ ਇਸ ਦੀ ਪਾਲਣਾ ਕਰ ਰਿਹਾ ਹਾਂ। ਮਮਤਾ ਬੈਨਰਜੀ ਇਸ ਤੋਂ ਪਹਿਲਾਂ 2011 ਅਤੇ 2016 ’ਚ ਭਵਾਨੀਪੁਰ ਤੋਂ ਚੋਣ ਲੜ ਕੇ ਜਿੱਤ ਹਾਸਲ ਕਰ ਚੁੱਕੀ ਹੈ।


author

DIsha

Content Editor

Related News