7 ਸੀਟਾਂ ’ਤੇ TMC-BJP ਵਿਚਾਲੇ ਕਾਂਟੇ ਦਾ ਸੀ ਮੁਕਾਬਲਾ, ਦਿਨਹਾਟਾ ਸੀਟ ਤੋਂ 57 ਵੋਟਾਂ ਨਾਲ ਜਿੱਤੇ ਭਾਜਪਾ ਸੰਸਦ ਮੈਂਬਰ

Monday, May 03, 2021 - 04:40 PM (IST)

ਨਵੀਂ ਦਿੱਲੀ (ਭਾਸ਼ਾ)— ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ 7 ਸੀਟਾਂ ਅਜਿਹੀਆਂ ਰਹੀਆਂ, ਜਿੱਥੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਅਤੇ ਭਾਜਪਾ ਵਿਚਾਲੇ ਕਾਂਟੇ ਦਾ ਮੁਕਾਬਲਾ ਹੋਇਆ। ਇਨ੍ਹਾਂ 7 ਸੀਟਾਂ ’ਤੇ ਜਿੱਤ-ਹਾਰ ਦਾ ਫ਼ਰਕ ਇਕ ਹਜ਼ਾਰ ਤੋਂ ਘੱਟ ਵੋਟਾਂ ਦਾ ਰਿਹਾ। ਇਨ੍ਹਾਂ ’ਚੋਂ ਇਕ ਸੀਟ ਤਾਂ ਅਜਿਹੀ ਰਹੀ ਜਿੱਥੇ 57 ਵੋਟਾਂ ਨਾਲ ਜਿੱਤ-ਹਾਰ ਦਾ ਫ਼ੈਸਲਾ ਹੋਇਆ। 4 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਗਿਣਤੀ ਦੌਰਾਨ ਕਾਂਟੇ ਦੇ ਮੁਕਾਬਲੇ ਲਈ ਸਭ ਤੋਂ ਵੱਧ ਚਰਚਾ ਪੱਛਮੀ ਬੰਗਾਲ ਦਾ ਨੰਦੀਗ੍ਰਾਮ ਰਿਹਾ, ਜਿੱਥੇ ਮੁਕਾਬਲਾ ਮਮਤਾ ਬੈਨਰਜੀ ਅਤੇ ਉਨ੍ਹਾਂ ਦੇ ਸਾਬਕਾ ਸਹਿਯੋਗੀ ਸ਼ੁਭੇਂਦੁ ਅਧਿਕਾਰੀ ਦੇ ਵਿਚਾਲੇ ਸੀ। ਇਸ ਸੀਟ ’ਤੇੇ ਸ਼ੁਭੇਂਦੁ ਨੇ ਮਮਤਾ ਨੂੰ 1,956 ਵੋਟਾਂ ਨਾਲ ਹਰਾਇਆ ਪਰ ਇਸ ਤੋਂ ਵੀ ਸਖ਼ਤ ਮੁਕਾਬਲਾ ਦਿਨਹਾਟਾ, ਬਲਰਾਮਪੁਰ, ਦੰਤਨ, ਕੁਲਟੀ, ਤਮਲੁਕ, ਜਲਪਾਈਗੁੜੀ ਅਤੇ ਘਾਟਾਲ ਵਿਚ ਰਿਹਾ, ਜਿੱਥੇ ਜਿੱਤ-ਹਾਰ ਦਾ ਫ਼ਰਕ 57 ਤੋਂ ਲੈ ਕੇ 966 ਵੋਟਾਂ ਦਾ ਰਿਹਾ।

PunjabKesari

ਸਭ ਤੋਂ ਸਖਤ ਮੁਕਾਬਲਾ ਕੂਚਬਿਹਾਰ ਦੇ ਦਿਨਹਾਟਾ ਵਿਧਾਨ ਸਭਾ ਸੀਟ ’ਤੇ ਹੋਇਆ, ਜਿੱਥੇ ਮੁਕਾਬਲਾ ਭਾਜਪਾ ਦੇ ਸੰਸਦ ਮੈਂਬਰ ਨਿਸ਼ਿਥ ਪਾਰਾਮਾਣਿਕ ਅਤੇ ਤ੍ਰਿਣਮੂਲ ਕਾਂਗਰਸ ਦੇ ਉਦਯਨ ਗੁਹਾ ਵਿਚਾਲੇ ਸੀ। ਇਸ ਮੁਕਾਬਲੇ ਵਿਚ ਬਾਜੀ ਪਾਰਾਮਾਣਿਕ ਦੇ ਹੱਥ ਲੱਗੀ। ਉਨ੍ਹਾਂ ਨੇ ਗੁਹਾ ਨੂੰ 57 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਮੁਕਾਬਲੇ ’ਚ ਪਾਰਾਮਾਣਿਕ ਨੂੰ 1,16,035 ਵੋਟਾਂ ਮਿਲੀਆਂ, ਜਦਕਿ ਗੁਹਾ ਨੂੰ 1,15,978 ਵੋਟਾਂ ਮਿਲੀਆਂ। ਪਾਰਾਮਾਣਿਕ ਪਹਿਲਾਂ ਤ੍ਰਿਣਮੂਲ ਕਾਂਗਰਸ ’ਚ ਸਨ ਪਰ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ ਅਤੇ ਉਨ੍ਹਾਂ ਨੇ ਕੂਚਬਿਹਾਰ ਤੋਂ ਲੋਕ ਸਭਾ ਦੀ ਚੋਣ ਵੀ ਜਿੱਤੀ। 

ਦਿਨਹਾਟਾ ਤੋਂ ਬਾਅਦ ਪੁਰੂਲੀਆ ਜ਼ਿਲ੍ਹੇ ਦੇ ਬਲਰਾਮਪੁਰ ’ਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰਾਂ ਵਿਚਾਲੇ ਕਾਂਟੇ ਦਾ ਮੁਕਾਬਲਾ ਵੇਖਣ ਨੂੰ ਮਿਲਿਆ। ਇਸ ਵਿਧਾਨ ਸਭਾ ਸੀਟ ’ਤੇ ਭਾਜਪਾ ਦੇ ਬਨੇਸ਼ਵਰ ਮਹਤੋ ਨੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਸ਼ਾਂਤੀਰਾਮ ਮਹਤੋ ਨੂੰ 434 ਵੋਟਾਂ ਨਾਲ ਹਰਾਇਆ। ਬਨੇਸ਼ਵਰ ਮਹਤੋਂ ਨੂੰ 89,098 ਵੋਟਾਂ ਮਿਲੀਆਂ। ਇਸ ਤਰ੍ਹਾਂ ਦਾ ਮੁਕਾਬਲਾ ਪੱਛਮੀ ਮੇਦੀਨੀਪੁਰ ਜ਼ਿਲ੍ਹੇ ਦੇ ਦੰਤਨ ਵਿਧਾਨ ਸਭਾ ਸੀਟ ’ਤੇ ਵੇਖਣ ਨੂੰ ਮਿਲਿਆ। ਇੱਥੇ ਤ੍ਰਿਣਮੂਲ ਕਾਂਗਰਸ ਦੇ ਬਿਕ੍ਰਮ ਚੰਦ ਪ੍ਰਧਾਨ ਨੇ ਆਪਣੇ ਨੇੜੇ ਮੁਕਾਬਲੇਬਾਜ਼ ਭਾਜਪਾ ਦੇ ਨਾਇਕ ਨੂੰ 623 ਵੋਟਾਂ ਨਾਲ ਹਰਾਇਆ। ਪ੍ਰਧਾਨ ਨੂੰ 95,209 ਵੋਟਾਂ ਮਿਲੀਆਂ, ਜਦਕਿ ਨਾਇਕ ਨੂੰ 94,586 ਵੋਟਾਂ ਮਿਲੀਆਂ। 

ਪੱਛਮੀ ਬਰਧਮਾਨ ਜ਼ਿਲ੍ਹੇ ਦੀ ਕੁਲਟੀ ਸੀਟ ’ਤੇ ਜਿੱਤ-ਹਾਰ ਦਾ ਫ਼ਰਕ 679 ਵੋਟਾਂ ਦਾ ਰਿਹਾ। ਇੱਥੇ ਭਾਜਪਾ ਦੇ ਅਜੇ ਕੁਮਾਰ ਪੋਦਾਰ ਨੇ ਤ੍ਰਿਣਮੂਲ ਕਾਂਗਰਸ ਦੇ ਉੱਜਲ ਚੈਟਰਜੀ ਨੂੰ ਹਰਾਇਆ। ਪੋਦਾਰ ਨੂੰ ਕੁੱਲ 81,112 ਵੋਟਾਂ ਮਿਲੀਆਂ, ਜਦਕਿ ਚੈਟਰਜੀ ਨੂੰ 80,433 ਵੋਟਾਂ ਮਿਲੀਆਂ। ਪੂਰਬੀ ਮੇਦੀਨੀਪੁਰ ਜ਼ਿਲ੍ਹੇ ਦੇ ਤਮਲੁਕ ਵਿਧਾਨ ਸਭਾ ਸੀਟ ’ਤੇ ਭਾਜਪਾ ਅਤੇ ਤਿ੍ਰਣਮੂਲ ਕਾਂਗਰਸ ਦੀ ਸਖ਼ਤ ਟੱਕਰ ਵੇਖਣ ਨੂੰ ਮਿਲੀ ਪਰ ਬਾਜੀ ਤ੍ਰਿਣਮੂਲ ਕਾਂਗਰਸ ਦੇ ਸੌਮੇਨ ਮਹਾਪਾਤਰ ਦੇ ਹੱਥ ਲੱਗੀ। ਉਨ੍ਹਾਂ ਨੇ ਭਾਜਪਾ ਉਮੀਦਵਾਰ ਹਰੇਕ੍ਰਿਸ਼ਨ ਬੇਰਾ ਨੂੰ 793 ਵੋਟਾਂ ਨਾਲ ਹਰਾਇਆ। ਮਹਾਪਾਤਰਾ ਨੂੰ 1,08,243 ਵੋਟਾਂ ਮਿਲੀਆਂ ਜਦਕਿ ਬੇਰਾ ਨੂੰ 1,07,450 ਵੋਟਾਂ ਮਿਲੀਆਂ।

ਜਲਪਾਈਗੁੜੀ ਵਿਧਾਨ ਸਭਾ ਸੀਟ ’ਤੇ ਵੀ ਮੁਕਾਬਲਾ ਚਿਲਚਸਪ ਰਿਹਾ। ਇੱਥੇ ਤ੍ਰਿਣਮੂਲ ਕਾਂਗਰਸ ਦੇ ਪ੍ਰਦੀਪ ਕੁਮਾਰ ਬਰਮਾ ਨੇ ਭਾਜਪਾ ਦੇ ਸੌਜੀਤ ਸਿੰਘ ਨੂੰ 941 ਵੋਟਾਂ ਦੇ ਫ਼ਰਕ ਨਾਲ ਹਰਾਇਆ। ਬਰਮਾ ਨੂੰ 95,668 ਵੋਟਾਂ ਮਿਲੀਆਂ ਜਦਕਿ ਸਿੰਘ 94,727 ਵੋਟਾਂ ਮਿਲੀਆਂ। ਅਜਿਹਾ ਹੀ ਮੁਕਾਬਲਾ ਪੱਛਮੀ ਮੇਦੀਨੀਪੁਰ ਜ਼ਿਲ੍ਹੇ ਦੇ ਘਾਟਾਲ ਸੀਟ ’ਤੇ ਵੇਖਣ ਨੂੰ ਮਿਲਿਆ। ਇੱਥੇ ਭਾਜਪਾ ਦੇ ਸੀਤਲ ਕਪਟ ਨੂੰ 966 ਵੋਟਾਂ ਨਾਲ ਜਿੱਤ ਮਿਲੀ। ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਸ਼ੰਕਰ ਦੋਲਾਈ ਨੂੰ ਹਰਾਇਆ। ਉਨ੍ਹਾਂ ਨੂੰ 1,04,846 ਵੋਟਾਂ ਮਿਲੀਆਂ, ਜਦਕਿ ਕਪਟ 1,05,812 ਵੋਟਾਂ ਲੈ ਕੇ ਜਿੱਤੇ।


Tanu

Content Editor

Related News