ਕੇਲਾਂਗ ਸਭ ਤੋਂ ਠੰਢਾ, ਸ਼ਿਮਲਾ ’ਚ ਦਿਨ ਵੇਲੇ ਛਾਈ ਧੁੰਦ
Wednesday, Oct 15, 2025 - 10:25 PM (IST)

ਸ਼ਿਮਲਾ, (ਸੰਤੋਸ਼)- ਹਿਮਾਚਲ ਪ੍ਰਦੇਸ਼ ਦਾ ਮੌਸਮ ਸਾਫ਼ ਤੇ ਖੁਸ਼ਕ ਬਣਿਆ ਹੋਇਆ ਹੈ। ਅਗਲੇ ਹਫ਼ਤੇ ਪੂਰੇ ਸੂਬੇ ਚ ਮੀਂਹ ਪੈਣ ਜਾਂ ਬਰਫ਼ਬਾਰੀ ਹੋਣ ਦੀ ਉਮੀਦ ਨਹੀਂ ਹੈ।
ਮੌਸਮ ਵਿਭਾਗ ਅਨੁਸਾਰ ਸੂਬੇ ’ਚ 16 ਤੋਂ 21 ਅਕਤੂਬਰ ਤੱਕ ਮੌਸਮ ਲਗਾਤਾਰ ਖੁਸ਼ਕ ਰਹੇਗਾ। ਦੀਵਾਲੀ ਵਾਲੇ ਦਿਨ ਅਸਮਾਨ ਦੇ ਸਾਫ਼ ਰਹਿਣ ਦੀ ਉਮੀਦ ਹੈ। ਮੌਸਮ ਸੁਹਾਵਣਾ ਬਣਿਆ ਰਹੇਗਾ।
ਬੁੱਧਵਾਰ ਊਨਾ ’ਚ ਵੱਧ ਤੋਂ ਵੱਧ ਤਾਪਮਾਨ 31.7 ਡਿਗਰੀ ਸੈਲਸੀਅਸ ਸੀ, ਜਦੋਂ ਕਿ ਸ਼ਿਮਲਾ ’ਚ ਇਹ 21 ਸੀ। ਧੁੱਪ ਚੜ੍ਹੀ ਹੋਣ ਦੇ ਬਾਵਜੂਦ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਤਾਪਮਾਨ ’ਚ ਕੋਈ ਬਹੁਤਾ ਫਰਕ ਨਹੀਂ ਸੀ। ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਵਧੇਰੇ ਹਿੱਸਿਆਂ ’ਚ ਤਾਪਮਾਨ ’ਚ ਕੋਈ ਵੱਡੀ ਤਬਦੀਲੀ ਨਹੀਂ ਆਈ। ਘੱਟੋ-ਘੱਟ ਤਾਪਮਾਨ ’ਚ ਥੋੜ੍ਹਾ ਵਾਧਾ ਦਰਜ ਕੀਤਾ ਗਿਆ।
ਕੇਲਾਂਗ ’ਚ ਘੱਟੋ-ਘੱਟ ਤਾਪਮਾਨ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਇਹ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਬਣ ਗਿਆ। ਕਬਾਇਲੀ ਇਲਾਕਿਆਂ ’ਚ ਠੰਢ ਦਾ ਅਸਰ ਵੱਧ ਗਿਅਾ ਹੈ। ਉੱਚਾਈ ਵਾਲੇ ਕਈ ਇਲਾਕਿਆਂ ’ਚ ਘੱਟੋ-ਘੱਟ ਤਾਪਮਾਨ ਜ਼ੀਰੋ ਦੇ ਨੇੜੇ ਪਹੁੰਚ ਗਿਆ ਹੈ।
ਪਿਛਲੇ 24 ਘੰਟਿਆਂ ਦੌਰਾਨ ਸਰਾਹਨ ’ਚ 1.5 ਮਿਲੀਮੀਟਰ ਮੀਂਹ ਪਿਆ ਜਦੋਂ ਕਿ ਸੂਬੇ ਦੇ ਬਾਕੀ ਹਿੱਸਿਆਂ ’ਚ ਕਿਤੇ ਵੀ ਮੀਂਹ ਨਹੀਂ ਪਿਆ ਤੇ ਨਾ ਹੀ ਬਰਫ਼ਬਾਰੀ ਹੋਈ। ਸੁੰਦਰਨਗਰ ਸਵੇਰੇ ਸੰਘਣੀ ਧੁੰਦ ’ਚ ਢੱਕਿਆ ਹੋਇਆ ਸੀ । ਇੱਥੇ ਦ੍ਰਿਸ਼ਟਤਾ 100 ਮੀਟਰ ਤੱਕ ਸੀਮਤ ਸੀ। ਰਾਜਧਾਨੀ ਸ਼ਿਮਲਾ ’ਚ ਵੀ ਦਿਨ ਵੇਲੇ ਧੁੰਦ ਛਾਈ ਰਹੀ।