ਪਹਾੜਾਂ ’ਤੇ ਬਰਫ਼ਬਾਰੀ, ਮੈਦਾਨੀ ਇਲਾਕਿਆਂ ’ਚ ਮੀਂਹ
Sunday, Oct 05, 2025 - 10:03 PM (IST)

ਸ਼ਿਮਲਾ/ਸ਼੍ਰੀਨਗਰ/ਚੰਡੀਗੜ੍ਹ (ਰਾਜੇਸ਼)- ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੇ ਲੱਗਭਗ ਖਤਮ ਹੋਣ ਤੋਂ ਬਾਅਦ ਐਤਵਾਰ ਮੌਸਮ ਇਕ ਵਾਰ ਫਿਰ ਬਦਲ ਗਿਆ। ਪੂਰੇ ਸੂਬੇ ’ਚ ਸਾਰਾ ਦਿਨ ਮੀਂਹ ਦੇ ਨਾਲ ਹੀ ਤੇਜ਼ ਠੰਢੀਆਂ ਹਵਾਵਾਂ ਚਲਦੀਆਂ ਰਹੀਆਂ। ਸੂਬੇ ਦੀਆਂ ਉੱਚੀਆਂ ਪਹਾੜੀਆਂ ’ਤੇ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ ਜਦੋਂ ਕਿ ਮੈਦਾਨੀ ਤੇ ਨੀਮ ਪਹਾੜੀ ਖੇਤਰਾਂ ’ਚ ਭਾਰੀ ਮੀਂਹ ਪਿਆ। ਕੁੱਲੂ ਜ਼ਿਲੇ ਦੇ ਪ੍ਰਸਿੱਧ ਸੈਲਾਨੀ ਕੇਂਦਰ ਮਨਾਲੀ ਦੀਆਂ ਪਹਾੜੀਆਂ ਤੇ ਆਲੇ-ਦੁਆਲੇ ਦੇ ਉਚਾਈ ਵਾਲੇ ਖੇਤਰਾਂ ’ਚ ਦੁਪਹਿਰ ਤੱਕ ਬਰਫ਼ਬਾਰੀ ਜਾਰੀ ਰਹੀ।
ਰੋਹਤਾਂਗ ਦੱਰੇ, ਮਾਰਹੀ ਤੇ ਅਟਲ ਸੁਰੰਗ ਨੂੰ ਬਰਫ਼ ਦੀ ਇਕ ਪਰਤ ਨੇ ਢੱਕ ਲਿਆ। ਜੰਮੂ -ਕਸ਼ਮੀਰ ’ਚ ਜ਼ੋਜਿਲਾ ਦੱਰੇ ਦੇ ਜ਼ੀਰੋ ਪੁਆਇੰਟ ਸੋਨਮਾਰਗ ’ਚ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਅਜਿਹਾ ਲੱਗ ਰਿਹਾ ਸੀ ਜਿਵੇਂ ਪਹਾੜ ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਗਏ ਹੋਣ। ਅਸਮਾਨ ਤੋਂ ਬਰਫ਼ ਡਿੱਗਣ ਦਾ ਦ੍ਰਿਸ਼ ਮਨਮੋਹਕ ਸੀ।
ਇਸ ਦੌਰਾਨ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲਿਆਂ ’ਚ ਹਲਕੀ ਵਰਖਾ ਦਰਜ ਕੀਤੀ ਗਈ। ਇਸ ਨਾਲ ਨਮੀ ਵਾਲੀ ਗਰਮੀ ਤੋਂ ਰਾਹਤ ਮਿਲੀ। ਉੱਤਰੀ ਭਾਰਤ ਦੇ ਕਈ ਸੂਬਿਆਂ ’ਚ ਹੋਰ ਮੀਂਹ ਪੈਣ ਦੀ ਉਮੀਦ ਹੈ।