11ਵੀਂ ਦੀ ਵਿਦਿਆਰਥਣ ਬਣੀ ਰਾਹੁਲ ਗਾਂਧੀ ਦੀ ਟਰਾਂਸਲੇਟਰ

Thursday, Dec 05, 2019 - 05:09 PM (IST)

11ਵੀਂ ਦੀ ਵਿਦਿਆਰਥਣ ਬਣੀ ਰਾਹੁਲ ਗਾਂਧੀ ਦੀ ਟਰਾਂਸਲੇਟਰ

ਕੋਝੀਕੋਡ— ਵਾਇਨਾਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤਿੰਨ ਦਿਨਾਂ ਦੌਰੇ 'ਤੇ ਮਲਪੁਰਮ ਸਥਿਤ ਇਕ ਸਕੂਲ 'ਚ ਗਏ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ 11ਵੀਂ 'ਚ ਪੜ੍ਹਨ ਵਾਲੀ ਸਫਾ ਰਾਹੁਲ ਗਾਂਧੀ ਦੀ ਟਰਾਂਸਲੇਟਰ ਬਣੀ। ਰਾਹੁਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਰਾਜ ਅਤੇ ਕੇਂਦਰ ਸਰਕਾਰ ਕੇਰਲ ਦੇ ਸਕੂਲਾਂ ਨੂੰ ਮਦਦ ਕਰੇ, ਜਿੱਥੇ ਮੂਲਭੂਤ ਸਹੂਲਤਾਂਵਾਂ ਦੀ ਕਮੀ ਹੈ। ਵਾਇਨਾਡ ਦੇ ਇਕ ਸਕੂਲ 'ਚ ਕਲਾਸ ਦੇ ਅੰਦਰ ਸੱਪ ਦੇ ਡੱਸਣ ਨਾਲ 5ਵੀਂ ਜਮਾਤ ਦੀ ਇਕ ਵਿਦਿਆਰਥਣ ਦੀ ਮੌਤ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਰਾਹੁਲ ਨੇ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਨੂੰ ਇਸ ਮੁੱਦੇ ਦਾ ਹੱਲ ਕਰਨ ਦੀ ਜ਼ਰੂਰਤ ਹੈ।

ਸਰਕਾਰ ਨੂੰ ਸਕੂਲਾਂ ਨੂੰ ਮਦਦ ਮੁਹੱਈਆ ਕਰਵਾਉਣੀ ਚਾਹੀਦੀ ਹੈ
ਰਾਹੁਲ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਸਦ 'ਚ ਚੁੱਕਣਗੇ ਅਤੇ ਆਪਣੇ ਵਿਧਾਨ ਸਭਾ ਖੇਤਰ 'ਚ ਸਕੂਲਾਂ ਦੀ ਮਦਦ ਲਈ ਸੰਸਦ ਮੈਂਬਰ ਫੰਡ ਰਾਹੀਂ ਸਰੋਤਾਂ ਦੀ ਵਰਤੋਂ ਕਰਨਗੇ। ਕੇਰਲ ਦੇ ਸਕੂਲਾਂ ਦੀ ਸਥਿਤੀ ਦੇਸ਼ 'ਚ ਸਭ ਤੋਂ ਬਿਹਤਰ ਹੈ ਪਰ ਇਹ ਕਾਫ਼ੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਾਲ 'ਚ ਸੱਪ ਦੇ ਡੱਸਣ ਨਾਲ ਇਕ ਛੋਟੀ ਬੱਚੀ ਦੀ ਮੌਤ ਹੋ ਗਈ। ਰਾਜ ਅਤੇ ਕੇਂਦਰ ਸਰਕਾਰ ਨੂੰ ਅਜਿਹੇ ਸਕੂਲਾਂ ਨੂੰ ਮਦਦ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ ਚਾਹੀਦਾ।

ਬੱਚੇ ਵਿਗਿਆਨੀ ਸੁਭਾਅ ਦੇ ਹੁੰਦੇ ਹਨ
ਆਪਣੇ ਵਾਇਨਾਡ ਲੋਕ ਸਭਾ ਖੇਤਰ ਦੇ ਵੰਡੂਰ 'ਚ ਇਕ ਸਕੂਲ 'ਚ ਵਿਗਿਆਨ ਪ੍ਰਯੋਗਸ਼ਾਲਾ ਦਾ ਉਦਘਾਟਨ ਕਰਨ ਤੋਂ ਬਾਅਦ ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਦਿਮਾਗ਼ ਖੁੱਲ੍ਹਾ ਰੱਖਣ ਅਤੇ ਹੋਰਾਂ ਦੇ ਵਿਚਾਰਾਂ ਦੇ ਪ੍ਰਤੀ ਗ੍ਰਹਿਣਸ਼ੀਲ ਬਣਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ,''ਤੁਹਾਡਾ ਦਿਮਾਗ਼ ਬੰਦ ਨਹੀਂ ਰਹਿਣਾ ਚਾਹੀਦਾ। ਇਸ ਦਾ ਮਤਲਬ ਹੈ ਕਿ ਤੁਹਾਨੂੰ ਦੂਜਿਆਂ ਨੂੰ ਸੁਣਨਾ ਹੋਵੇਗਾ। ਤੁਸੀਂ ਅਸਲ 'ਚ ਵਿਗਿਆਨੀ ਸੋਚ ਵਾਲੇ ਵਿਅਕਤੀ ਉਦੋਂ ਹੋ ਸਕਦੇ ਹੋ, ਜਦੋਂ ਹੋਰ ਲੋਕਾਂ ਦੇ ਵਿਚਾਰਾਂ ਦੇ ਪ੍ਰਤੀ ਖੁੱਲ੍ਹੇ ਅਤੇ ਉਤਸੁਕ ਹੋਵੋ।'' ਕਾਂਗਰਸ ਨੇਤਾ ਨੇ ਕਿਹਾ ਕਿ ਕਿਸੇ ਨੂੰ ਵੀ ਕੋਈ ਅਜਿਹਾ ਬੱਚਾ ਨਹੀਂ ਮਿਲੇਗਾ, ਜੋ ਹੋਰਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਦਾ ਹੋਵੇ, ਕਿਉਂਕਿ ਬੱਚੇ ਵਿਗਿਆਨੀ ਸੁਭਾਅ ਦੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਨਫ਼ਰਤ ਅਤੇ ਗੁੱਸਾ ਇਸ ਵਿਗਿਆਨੀ ਸੁਭਾਅ ਦੇ ਸਭ ਤੋਂ ਵੱਡੇ ਦੁਸ਼ਮਣ ਹਨ।

ਵਿਦਿਆਰਥੀ ਰਾਜਨੀਤੀ 'ਚ ਆ ਸਕਦੇ ਹਨ
ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨੂੰ ਪ੍ਰਯੋਗਸ਼ਾਲਾ ਦੀ ਵਰਤੋਂ ਨੂੰ ਸਫ਼ਲ ਬਣਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੁਝ ਵਿਦਿਆਰਥੀ ਰਾਜਨੀਤੀ 'ਚ ਆ ਸਕਦੇ ਹਨ, ਕੁਝ ਡਾਕਟਰ, ਵਕੀਲ ਅਤੇ ਕੁਝ ਹੋਰ ਬਣ ਸਕਦੇ ਹਨ ਪਰ ਤੁਹਾਨੂੰ ਆਪਣੇ ਅੰਦਰ ਦੇ ਵਿਗਿਆਨੀ ਸੁਭਾਅ ਨੂੰ ਨਫ਼ਰਤ ਦੇ ਹੱਥੋਂ ਕਦੇ ਨਹੀਂ ਮਰਨ ਦੇਣਾ ਚਾਹੀਦਾ। ਹੋਰ ਲੋਕਾਂ ਦੇ ਵਿਚਾਰਾਂ ਦੀ ਸ਼ਲਾਘਾ ਕਰਨਾ ਵਿਗਿਆਨ ਦੀ ਨੀਂਹ ਹੈ। ਆਪਣੇ ਭਾਸ਼ਣ ਦੇ ਆਖੀਰ 'ਚ ਰਾਹੁਲ ਗਾਂਧੀ ਨੇ ਸਫਾ ਨਾਲ ਹੱਥ ਮਿਲਾਇਆ ਅਤੇ ਚਾਕਲੇਟ ਗਿਫਟ ਕੀਤੀ।


author

DIsha

Content Editor

Related News