Wayanad landslide: ਬਚਾਅ ਕਰਮੀਆਂ ਨੂੰ ਲਈ ਡਰੋਨ ਰਾਹੀਂ ਭੇਜਿਆ ਜਾ ਰਿਹਾ ਭੋਜਨ
Monday, Aug 05, 2024 - 03:37 PM (IST)
ਵਾਇਨਾਡ- ਕੇਰਲ ਦੇ ਵਾਇਨਾਡ ਵਿਚ ਜ਼ਮੀਨ ਖਿਸਕਣ ਦੀ ਤ੍ਰਾਸਦੀ 'ਚ ਜਿਊਂਦੇ ਬਚੇ ਲੋਕਾਂ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਦੀ ਚੁਣੌਤੀਪੂਰਨ ਤਲਾਸ਼ ਜਾਰੀ ਰਹਿਣ ਦਰਮਿਆਨ ਪ੍ਰਭਾਵਿਤ ਖੇਤਰਾਂ 'ਚ ਭੋਜਨ ਪਹੁੰਚਾਉਣ ਲਈ ਰਿਵਾਇਤੀ ਸਾਧਨਾਂ ਦੀ ਬਜਾਏ ਮਨੁੱਖ ਰਹਿਤ ਡਰੋਨ ਦੀ ਮਦਦ ਲਈ ਜਾ ਰਹੀ ਹੈ। ਜਿਊਂਦੇ ਬਚੇ ਲੋਕਾਂ ਦੀ ਤਲਾਸ਼ ਵਿਚ ਖ਼ਤਰਨਾਕ ਇਲਾਕਿਆਂ 'ਚ ਖੋਜ ਕਰ ਰਹੇ ਸੈਂਕੜੇ ਕਰਮੀਆਂ ਲਈ ਭੋਜਨ ਦੇ ਪੈਕੇਟ ਪਹੁੰਚਾਉਣ ਲਈ ਅਧਿਕਾਰੀਆਂ ਨੇ ਆਧੁਨਿਕ ਡਰੋਨ ਦਾ ਇਸਤੇਮਾਲ ਕੀਤਾ ਹੈ। ਇਹ ਡਰੋਨ ਇਕ ਵਾਰ ਵਿਚ 10 ਲੋਕਾਂ ਲਈ ਭੋਜਨ ਦੇ ਪੈਕੇਟ ਲੈ ਕੇ ਜਾ ਸਕਦੇ ਹਨ।
ਸੋਮਵਾਰ ਨੂੰ ਇੱਥੇ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ ਬਚਾਅ ਕਰਮੀਆਂ ਲਈ ਇਕ ਤੁਰੰਤ ਭੋਜਨ ਅਤੇ ਪਾਣੀ ਵੰਡ ਸਿਸਟਮ ਸਥਾਪਤ ਕੀਤਾ ਗਿਆ ਹੈ। ਭਾਰੀ ਯੰਤਰ ਅਤੇ ਮਸ਼ੀਨਾਂ ਚਲਾਉਣ ਵਾਲੇ ਕਰਮੀਆਂ ਨੂੰ ਭੋਜਨ ਦੀ ਸਿੱਧੀ ਸਪਲਾਈ ਡਰੋਨ ਜ਼ਰੀਏ ਸੰਭਵ ਹੋਈ ਹੈ। ਇਸ 'ਚ ਕਿਹਾ ਗਿਆ ਹੈ ਕਿ ਬਚਾਅ ਕਰਮੀਆਂ ਲਈ ਭੋਜਨ ਮੇਪੜੀ ਪਾਲੀਟੈਕਨੀਕਲ ਵਿਚ ਸੰਚਾਲਿਤ ਕਮਿਊਨਿਟੀ ਰਸੋਈ ਵਿਚ ਤਿਆਰ ਕੀਤਾ ਜਾ ਰਿਹਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਖ਼ੁਰਾਕ ਸੁਰੱਖਿਆ ਵਿਭਾਗ ਦੀ ਦੇਖ-ਰੇਖ ਵਿਚ ਕੇਰਲ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਰੋਜ਼ਾਨਾ ਲੱਗਭਗ 7 ਹਜ਼ਾਰ ਭੋਜਨ ਦੇ ਪੈਕੇਟ ਤਿਆਰ ਕਰ ਰਿਹਾ ਹੈ, ਜਿਨ੍ਹਾਂ ਨੂੰ ਲੋੜਵੰਦਾਂ ਵਿਚ ਵੰਡਿਆ ਜਾਂਦਾ ਹੈ।
ਐਤਵਾਰ ਸ਼ਾਮ ਤੱਕ ਦੇ ਸਰਕਾਰੀ ਅੰਕੜਿਆਂ ਮੁਤਾਬਕ 30 ਜੁਲਾਈ ਨੂੰ ਹੋਏ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ ਹੁਣ ਤੱਕ ਕੁੱਲ 221 ਲਾਸ਼ਾਂ ਅਤੇ 166 ਮਨੁੱਖੀ ਅੰਗ ਬਰਾਮਦ ਕੀਤੇ ਜਾ ਚੁੱਕੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਪਹਿਲਾਂ ਲਾਪਤਾ ਲੋਕਾਂ ਦੀ ਗਿਣਤੀ 206 ਸੀ ਪਰ ਅਧਿਕਾਰੀਆਂ ਵੱਲੋਂ ਕੁਝ ਲੋਕਾਂ ਨਾਲ ਫ਼ੋਨ ਰਾਹੀਂ ਸੰਪਰਕ ਕੀਤਾ ਗਿਆ, ਜਿਸ ਕਾਰਨ ਹੁਣ ਲਾਪਤਾ ਲੋਕਾਂ ਦੀ ਗਿਣਤੀ 180 ਹੋ ਗਈ ਹੈ।