ਵਿਧਾਨ ਸਭਾ ਕੰਪਲੈਕਸ ''ਚ ਭਰ ਗਿਆ ਪਾਣੀ, ਭਾਰੀ ਮੀਂਹ ਕਰਨ ਬੱਦਤਰ ਹੋਏ ਹਾਲਾਤ
Wednesday, Jul 31, 2024 - 02:20 PM (IST)
ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਭਾਰੀ ਮੀਂਹ ਨੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਦਿਵਾਈ ਹੈ ਪਰ ਇਸ ਕਾਰਨ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਭਰਨ ਦੀ ਸਥਿਤੀ ਬਣੀ ਹੋਈ ਹੈ। ਇੱਥੋਂ ਤੱਕ ਕਿ ਵਿਧਾਨ ਸਭਾ ਕੰਪਲੈਕਸ ਵੀ ਮੀਂਹ ਦੇ ਪਾਣੀ ਨਾਲ ਭਰ ਗਿਆ ਹੈ। ਵਿਧਾਨ ਸਭਾ 'ਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਉਥੇ ਤਾਇਨਾਤ ਸੁਰੱਖਿਆ ਕਰਮਚਾਰੀ ਕੰਧ 'ਤੇ ਚੜ੍ਹ ਗਏ। ਪਾਣੀ ਭਰ ਜਾਣ ਕਾਰਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਦੂਜੇ ਗੇਟ ਰਾਹੀਂ ਬਾਹਰ ਨਿਕਲਣਾ ਪਿਆ।
ਇੰਨਾ ਹੀ ਨਹੀਂ ਮੀਂਹ ਕਾਰਨ ਲਖਨਊ ਨਗਰ ਨਿਗਮ ਦਫਤਰ ਦੀ ਛੱਤ ਵੀ ਲੀਕ ਹੋ ਗਈ ਹੈ। ਯੂ. ਪੀ. ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ। ਇਸ ਦੌਰਾਨ ਵਿਧਾਨ ਸਭਾ ਚੌਂਕ 'ਚ ਪਾਣੀ ਭਰ ਜਾਣ ਕਾਰਨ ਵਿਧਾਇਕਾਂ ਤੇ ਮੁਲਾਜ਼ਮਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਕਾਰਨ ਆਵਾਜਾਈ ਵਿੱਚ ਵੀ ਵਿਘਨ ਪਿਆ ਹੈ। ਬੁੱਧਵਾਰ ਨੂੰ ਹੋਈ ਭਾਰੀ ਬਾਰਿਸ਼ ਨੇ ਲਖਨਊ ਦੇ ਲੋਕਾਂ ਦੀ ਹਾਲਤ ਖਰਾਬ ਕਰ ਦਿੱਤੀ ਹੈ। ਭਾਰੀ ਮੀਂਹ ਕਾਰਨ ਲਖਨਊ ਸ਼ਹਿਰ ਦੀਆਂ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ।