ਪੌਣ-ਪਾਣੀ ਬਾਰੇ ਗੰਭੀਰ ਤਬਾਹੀ ਦੀ ਚਿਤਾਵਨੀ, ਖੋਜਕਰਤਾਵਾਂ ਨੇ ਜਾਰੀ ਕੀਤੀ ਰਿਪੋਰਟ

Friday, Oct 11, 2024 - 03:22 PM (IST)

ਪੌਣ-ਪਾਣੀ ਬਾਰੇ ਗੰਭੀਰ ਤਬਾਹੀ ਦੀ ਚਿਤਾਵਨੀ, ਖੋਜਕਰਤਾਵਾਂ ਨੇ ਜਾਰੀ ਕੀਤੀ ਰਿਪੋਰਟ

ਨਵੀਂ ਦਿੱਲੀ (ਭਾਸ਼ਾ) - ਖੋਜਕਰਤਾਵਾਂ ਨੇ ਪੌਣ-ਪਾਣੀ ਬਾਰੇ ਗੰਭੀਰ ਤਬਾਹੀ ਦੀ ਚਿਤਾਵਨੀ ਦਿੱਤੀ ਹੈ, ਜਿਸ ਤੋਂ ਉਭਰਨਾ ਔਖਾ ਹੋ ਸਕਦਾ ਹੈ ਕਿਉਂਕਿ ਹਰ ਸਾਲ ਪੌਣ-ਪਾਣੀ ਬਾਰੇ ਤਬਦੀਲੀ ਨੂੰ ਟ੍ਰੈਕ ਕਰਨ ਵਾਲੇ 35 ਅਹਿਮ ਸੰਕੇਤਾਂ ’ਚੋਂ 25 ਰਿਕਾਰਡ ਪੱਧਰ ’ਤੇ ਪਹੁੰਚ ਗਏ ਹਨ।

ਇਕ ਅੰਤਰਰਾਸ਼ਟਰੀ ਟੀਮ ਦੀ ਰਿਪੋਰਟ ਹੈ ਕਿ ਬੇਹੱਦ ਔਖੀਆਂ ਮੌਸਮੀ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ। ਉਨ੍ਹਾਂ ਦੀ ਤੀਬਰਤਾ ਵੀ ਵਧ ਗਈ ਹੈ।

ਇਸ ਅੰਤਰਰਾਸ਼ਟਰੀ ਟੀਮ ’ਚ ਜਰਮਨੀ ਦੇ ਪੋਟਸਡੈਮ ਇੰਸਟੀਚਿਊਟ ਆਫ ਕਲਾਈਮੇਟ ਇੰਪੈਕਟ ਰਿਸਰਚ ਦੇ ਖੋਜਕਰਤਾ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਮਨੁੱਖੀ ਆਬਾਦੀ ਰੋਜ਼ਾਨਾ 2 ਲੱਖ ਦੇ ਕਰੀਬ ਵਧ ਰਹੀ ਹੈ। ਇਹ ਰਿਪੋਰਟ ‘ਬਾਇਓ-ਸਾਇੰਸ’ ਨਾਮੀ ਮੈਗਜ਼ੀਨ ’ਚ ਪ੍ਰਕਾਸ਼ਿਤ ਹੋਈ ਹੈ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਗ੍ਰੀਨਲੈਂਡ ਤੇ ਅੰਟਾਰਕਟਿਕਾ ’ਚ ਬਰਫ਼ ਦੀ ਮਾਤਰਾ ਤੇ ਮੋਟਾਈ ਦੋਵੇਂ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਏ ਹਨ। ਸ਼ਕਤੀਸ਼ਾਲੀ ਗ੍ਰੀਨਹਾਊਸ ਗੈਸਾਂ ਮੀਥੇਨ ਅਤੇ ਨਾਈਟ੍ਰਸ ਆਕਸਾਈਡ ਦਾ ਨਿਕਾਸ ਬੇਮਿਸਾਲ ਪੱਧਰ ’ਤੇ ਪਹੁੰਚ ਗਿਆ ਹੈ। ਨਾਈਟ੍ਰਸ ਆਕਸਾਈਡ ਦੇ ਪੱਧਰ 1980 ਤੇ 2020 ਦਰਮਿਅਾਨ ਲਗਭਗ 40 ਫੀਸਦੀ ਵਧ ਗਏ ਹਨ।

ਉਨ੍ਹਾਂ ਕਿਹਾ ਕਿ ਕੋਲਾ, ਤੇਲ ਤੇ ਗੈਸ ਦੀ ਖਪਤ 2022 ਦੇ ਮੁਕਾਬਲੇ 2023 ’ਚ 1.5 ਫੀਸਦੀ ਵਧੀ ਹੈ, ਜਦੋਂ ਕਿ ਜੈਵਿਕ ਫਿਊਲ ਦੀ ਵਰਤੋਂ ਸੂਰਜੀ ਤੇ ਪੌਣ ਊਰਜਾ ਦੀ ਖਪਤ ਨਾਲੋਂ ਲਗਭਗ 15 ਗੁਣਾ ਵੱਧ ਹੈ। ਟੀਮ ਨੇ ਕਿਹਾ ਕਿ ਅਸੀਂ ਤਬਾਹੀ ਦੇ ਕੰਢੇ ’ਤੇ ਹਾਂ। ਧਰਤੀ ’ਤੇ ਜੀਵਨ ਦਾ ਵੱਡਾ ਹਿੱਸਾ ਖ਼ਤਰੇ ਦਾ ਸਾਹਮਣਾ ਕਰ ਰਿਹਾ ਹੈ।


author

Harinder Kaur

Content Editor

Related News