ਗੋਆ ''ਚ ਵੋਟਿੰਗ ਜਾਰੀ, 40 ਵਿਧਾਨ ਸਭਾ ਸੀਟਾਂ ਲਈ 301 ਉਮੀਦਵਾਰ ਹਨ ਮੈਦਾਨ ''ਚ
Monday, Feb 14, 2022 - 08:41 AM (IST)
ਪਣਜੀ (ਭਾਸ਼ਾ)- ਗੋਆ ਵਿਧਾਨ ਸਭਾ ਦੀਆਂ 40 ਸੀਟਾਂ 'ਤੇ ਚੋਣਾਂ ਲਈ ਵੋਟਿੰਗ ਸੋਮਵਾਰ ਸਵੇਰੇ ਸ਼ੁਰੂ ਹੋ ਗਈ, ਜਿਸ 'ਚ 301 ਉਮੀਦਵਾਰ ਕਿਸਮਤ ਅਜਮਾ ਰਹੇ ਹਨ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ 'ਚ ਇਕ ਪੜਾਅ 'ਚ ਹੋ ਰਹੀ ਵੋਟਿੰਗ ਸਵੇਰੇ 7 ਵਜੇ ਸ਼ੁਰੂ ਅਤੇ ਇਹ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਵੋਟਿੰਗ ਲਈ 11 ਲੱਖ ਤੋਂ ਵੱਧ ਲੋਕ ਯੋਗ ਹਨ। ਇਨ੍ਹਾਂ 'ਚ 9,590 ਦਿਵਾਂਗ, 80 ਤੋਂ ਵਧ ਉਮਰ ਦੇ 2,997 ਲੋਕ, 9 ਟਰਾਂਸਜੈਂਡਰ ਸ਼ਾਮਲ ਹਨ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਕੀਤੀ ਜਾਵੇਗੀ। ਗੋਆ 'ਚ ਇਸ ਵਾਰ ਬਹੁਕੋਣ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਆਮ ਆਦਮੀ ਪਾਰਟੀ (ਆਪ), ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਅਤੇ ਹੋਰ ਛੋਟੇ ਦਲ ਸੂਬੇ ਦੇ ਚੋਣਾਵੀ ਦ੍ਰਿਸ਼ 'ਚੇ ਆਪਣੀ ਛਾਪ ਛੱਡਣ ਦੀ ਹੋੜ 'ਚ ਹਨ।
ਇਹ ਵੀ ਪੜ੍ਹੋ : ਗੋਆ ਚੋਣਾਂ 2022: ਵੈਲੇਨਟਾਈਨ ਡੇਅ ਮੌਕੇ ਲੋਕਾਂ ਨੂੰ ਵੋਟ ਲਈ ਪ੍ਰੇਰਿਤ ਕਰਨ ਲਈ ਛੋਟ ਦੀ ਭਰਮਾਰ
ਇਕ ਚੋਣ ਅਧਿਕਾਰੀ ਨੇ ਕਿਹਾ ਕਿ ਕੋਰੋਨਾ ਫ਼ੈਲਣ ਤੋਂ ਰੋਕਣ ਲਈ ਵੋਟਰਾਂ ਨੂੰ ਵੋਟਿੰਗ ਕੇਂਦਰਾਂ 'ਤੇ ਦਸਤਾਨੇ ਉਪਲੱਬਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਮਹਿਲਾ ਵੋਟਰਾਂ ਦੀ ਸਹੂਲਤ ਲਈ ਸੂਬੇ 'ਚ 100 ਤੋਂ ਵਧ ਮਹਿਲਾ ਵੋਟਿੰਗ ਕੇਂਦਰ ਬਣਾਏ ਗਏ ਹਨ। ਚੋਣਾਂ 'ਤੇ ਨਿਗਰਾਨੀ ਰੱਖਣ ਲਈ ਸੂਬੇ 'ਚ 81 ਉਡਣ ਦਸਤੇ (ਫਲਾਇੰਗ ਸਕੁਐਡ) ਸਰਗਰਮ ਹਨ। ਪ੍ਰਮੁੱਖ ਉਮੀਦਵਾਰਾਂ 'ਚ ਮੁੱਖ ਮੰਤਰੀ ਪ੍ਰਮੋਦ ਸਾਵੰਤ (ਭਾਜਪਾ), ਵਿਰੋਧੀ ਧਿਰ ਦੇ ਨੇਤਾ ਦਿਗੰਬਰ ਕਾਮਤ (ਕਾਂਗਰਸ), ਸਾਬਕਾ ਮੁੱਖ ਮੰਤਰੀ ਚਰਚਿਲ ਅਲੇਮਾਓ (ਟੀ.ਐੱਮ.ਸੀ.), ਰਵੀ ਨਾਈਕ (ਭਾਜਪਾ), ਲਕਸ਼ਮੀਕਾਂਤ ਪਾਰਸੇਕਰ (ਆਜ਼ਾਦ), ਸਾਬਕਾ ਉੱਪ ਮੁੱਖ ਮੰਤਰੀ ਵਿਜੇ ਸਰਦੇਸਾਈ (ਗੋਆ ਫਾਰਵਰਡ ਪਾਰਟੀ (ਜੀ.ਐੱਫ.ਪੀ.) ਸੁਦੀਨ ਧਵਲੀਕਰ (ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐੱਮ.ਜੀ.ਪੀ.), ਸਾਬਕਾ ਮੁੱਖ ਮੰਤਰੀ ਮਨੋਹਰ ਪਾਰੀਕਰ ਦੇ ਪੁੱਤਰ ਉਤਪਲ ਪਾਰੀਕਰ ਅਤੇ ਮੁੱਖ ਮੰਤਰੀ ਅਹੁਦੇ ਲਈ 'ਆਪ' ਦਾ ਚਿਹਰਾ ਅਮਿਤ ਪਾਲੇਕਰ ਸ਼ਾਮਲ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ