VIP ਪਾਰਟੀ ਚੀਫ ਮੁਕੇਸ਼ ਸਾਹਨੀ ਦੇ ਪਿਤਾ ਜੀਤਨ ਦਾ ਬੇਰਹਿਮੀ ਨਾਲ ਕਤਲ, ਘਰ 'ਚੋਂ ਮਿਲੀ ਲਾਸ਼
Tuesday, Jul 16, 2024 - 11:44 AM (IST)
ਪਟਨਾ- ਬਿਹਾਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਵਿਕਾਸਸ਼ੀਲ ਇਨਸਾਨ ਪਾਰਟੀ (VIP) ਦੇ ਚੀਫ ਅਤੇ ਬਿਹਾਰ ਸਰਕਾਰ ਦੇ ਸਾਬਕਾ ਮੰਤਰੀ ਮੁਕੇਸ਼ ਸਾਹਨੀ ਦੇ ਪਿਤਾ ਜੀਤਨ ਸਾਹਨੀ ਦਾ ਮੰਗਲਵਾਰ ਸਵੇਰੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਤੇਜ਼ਧਾਰ ਹਥਿਆਰਾਂ ਨਾਲ ਘਰ ਵਿਚ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਨ੍ਹਾਂ ਦੀ ਲਾਸ਼ ਕੱਟੀ ਹੋਈ ਹਾਲਤ ਵਿਚ ਮਿਲੀ। ਦਰਭੰਗਾ ਦੇ SSP ਜਗੁਨਾਥ ਰੈੱਡੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜੀਤਨ ਦੀ ਕੱਟੀ ਹੋਈ ਲਾਸ਼ ਘਰ ਵਿਚੋਂ ਬਰਾਮਦ ਕੀਤੀ ਗਈ। ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- 1984 ਸਿੱਖ ਕਤਲੇਆਮ: 437 ਪੀੜਤ ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ
ਮੁਕੇਸ਼ ਸਾਹਨੀ ਨੂੰ ਆਪਣੇ ਪਿਤਾ ਦੇ ਕਤਲ ਦੀ ਜਾਣਕਾਰੀ ਲੋਕਾਂ ਤੋਂ ਮਿਲੀ। ਉਹ ਮੁੰਬਈ ਸਥਿਤ ਆਪਣੀ ਕੰਮ ਵਾਲੀ ਥਾਂ 'ਤੇ ਸਨ, ਜਿੱਥੇ ਉਨ੍ਹਾਂ ਨੂੰ ਫੋਨ ਕਾਲ ਕਰ ਕੇ ਇਸ ਦੀ ਸੂਚਨਾ ਦਿੱਤੀ ਗਈ। ਪਿਤਾ ਦੇ ਕਤਲ ਦੀ ਖ਼ਬਰ ਮਿਲਣ ਮਗਰੋਂ ਮੁਕੇਸ਼ ਮੁੰਬਈ ਤੋਂ ਪਟਨਾ ਲਈ ਰਵਾਨਾ ਹੋ ਗਏ ਹਨ। ਰਿਪੋਰਟ ਮੁਤਾਬਕ ਤੇਜ਼ਧਾਰ ਹਥਿਆਰ ਨਾਲ ਘਰ ਵਿਚ ਹੀ ਜੀਤਨ ਸਾਹਨੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਜਿਸ ਕਮਰੇ ਵਿਚ ਲਾਸ਼ ਮਿਲੀ ਹੈ, ਉੱਥੇ ਚਾਰੋਂ ਪਾਸੇ ਖੂਨ ਫੈਲਿਆ ਹੋਇਆ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਕਤਲ ਦੀ ਜਾਂਚ ਲਈ SIT ਦਾ ਗਠਨ ਵੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸ਼ੰਭੂ ਬਾਰਡਰ ਬੰਦ ਕਰਨ 'ਤੇ ਹਰਿਆਣਾ ਸਰਕਾਰ ਨੂੰ SC ਦੀ ਫਟਕਾਰ, ਤੁਸੀਂ ਹਾਈਵੇਅ ਕਿਵੇਂ ਬੰਦ ਕਰ ਸਕਦੇ ਹੋ?
ਮੁਕੇਸ਼ ਸਾਹਨੀ ਦਾ ਘਰ ਦਰਭੰਗਾ ਦੇ ਸੁਪੌਲ ਬਾਜ਼ਾਰ ਦੇ ਅਫਜ਼ਲਾ ਪੰਚਾਇਤ ਵਿਚ ਹੈ। ਉਨ੍ਹਾਂ ਦੇ ਪਿਤਾ ਜੀਤਨ ਇਕੱਲੇ ਹੀ ਇਸ ਘਰ ਵਿਚ ਰਹਿੰਦੇ ਸਨ। ਮੁਕੇਸ਼ ਦੀ ਮਾਂ ਦਾ ਦਿਹਾਂਤ ਪਹਿਲਾਂ ਹੀ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜੀਤਨ ਸਾਹਨੀ ਨਾਲ ਘਰ ਵਿਚ ਦੋ ਤੋਂ ਤਿੰਨ ਨੌਕਰ ਅਤੇ ਇਕ ਡਰਾਈਵਰ ਵੀ ਰਹਿੰਦਾ ਸੀ। ਪੁਲਸ ਮੁਤਾਬਕ ਪਹਿਲੇ ਨਜ਼ਰ ਵਿਚ ਅਜਿਹਾ ਲੱਗਦਾ ਹੈ ਕਿ ਕੱਲ ਰਾਤ ਚੋਰੀ ਦੇ ਇਰਾਦੇ ਨਾਲ ਕੁਝ ਲੋਕ ਜੀਤਨ ਦੇ ਘਰ ਅੰਦਰ ਦਾਖ਼ਲ ਹੋ ਗਏ ਸਨ। ਜਦੋਂ ਜੀਤਨ ਨੇ ਇਸ ਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਓਧਰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਜੀਤਨਰਾਮ ਮਾਂਝੀ ਨੇ ਇਸ ਘਟਨਾ 'ਤੇ ਕਿਹਾ ਕਿ ਵੀ. ਆਈ. ਪੀ. ਚੀਫ ਮੁਕੇਸ਼ ਸਹਨੀ ਦੇ ਪਿਤਾ ਦੇ ਕਤਲ ਦੀ ਸੂਚਨਾ ਤੋਂ ਦੁਖੀ ਹਾਂ। ਮੈਂ ਸੂਬਾ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਨੂੰ ਬਿਨਾਂ ਦੇਰੀ ਕੀਤੇ ਗ੍ਰਿਫ਼ਤਾਰ ਕਰ ਕੇ ਸਪੀਡੀ ਟਰਾਇਲ ਕਰਵਾਇਆ ਜਾਵੇ। ਮੈਂ ਅਤੇ ਮੇਰੀ ਪਾਰਟੀ ਇਸ ਦੁੱਖ ਦੀ ਘੜੀ ਵਿਚ ਹਰ ਤਰ੍ਹਾਂ ਨਾਲ ਮੁਕੇਸ਼ ਸਾਹਨੀ ਨਾਲ ਹੈ।
ਇਹ ਵੀ ਪੜ੍ਹੋ- ਮਨੀਸ਼ ਸਿਸੋਦੀਆ ਨੂੰ ਫਿਰ ਲੱਗਾ ਝਟਕਾ, ਅਦਾਲਤ ਨੇ ਵਧਾਈ ਨਿਆਂਇਕ ਹਿਰਾਸਤ