ਵੋਟਿੰਗ ਦੌਰਾਨ ਵੀ ਬੰਗਾਲ ’ਚ ਹਿੰਸਾ ; ਮਾਕਪਾ ਨੇਤਾ ਦੀ ਕਾਰ ’ਤੇ ਹਮਲਾ ਅਤੇ ਪੱਤਰਕਾਰਾਂ ਨਾਲ ਹੱਥੋਪਾਈ

03/27/2021 2:01:53 PM

ਨੈਸ਼ਨਲ ਡੈਸਕ : ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਇਕ ਵਾਰ ਫਿਰ ਪੱਛਮੀ ਬੰਗਾਲ ਵਿਚ ਹਾਲਾਤ ਤਣਾਅਪੂਰਨ ਹੋ ਗਏ। ਇਥੇ ਵੋਟਿੰਗ ਤੋਂ ਕੁਝ ਘੰਟੇ ਪਹਿਲਾਂ ਪੁਰੂਲੀਆ ਜ਼ਿਲੇ ਦੇ ਬੰਦਵਾਨ ਵਿਚ ਚੋਣ ਡਿਊਟੀ ਲਈ ਕਿਰਾਏ ’ਤੇ ਲਈ ਗਏ ਇਕ ਵਾਹਨ ਨੂੰ ਅੱਗ ਲਾ ਦਿੱਤੀ ਗਈ, ਉਥੇ ਹੀ ਪੱਛਮੀ ਮੇਦਿਨੀਪੁਰ ਜ਼ਿਲੇ ਦੇ ਬੇਗਮਪੁਰ ਇਲਾਕੇ ਵਿਚ ਇਕ ਵਿਅਕਤੀ ਮਰਿਆ ਮਿਲਿਆ, ਜਿਸ ਦੀ ਪਛਾਣ ਮੰਗਲ ਸੋਰੇਨ ਦੇ ਤੌਰ ’ਤੇ ਹੋਈ ਹੈ। ਭਾਜਪਾ ਨੇ ਦਾਅਵਾ ਕੀਤਾ ਕਿ ਸੋਰੇਨ ਉਨ੍ਹਾਂ ਦਾ ਸਮਰਥਕ ਸੀ ਅਤੇ ਟੀ. ਐੱਮ. ਸੀ. ਦੇ ‘ਗੁੰਡਿਆਂ’ ਨੇ ਕਥਿਤ ਤੌਰ ’ਤੇ ਉਸ ਦੀ ਹੱਤਿਆ ਕੀਤੀ। ਹਾਲਾਂਕਿ ਸੱਤਾਧਾਰੀ ਪਾਰਟੀ ਨੇ ਇਸ ਦੋਸ਼ ਨੂੰ ਖਾਰਿਜ ਕੀਤਾ ਹੈ।

PunjabKesari

ਸੁਸ਼ਾਂਤ ਘੋਸ਼ ਨੂੰ ਟੀ. ਐੱਮ. ਸੀ. ਦੇ ਸਮਰਥਕਾਂ ਘੇਰਿਆ

ਸਥਾਨਕ ਭਾਜਪਾ ਨੇਤਾ ਬਬਲੂ ਬਰਾਮ ਨੇ ਦੋਸ਼ ਲਾਇਆ ਕਿ ਟੀ. ਐੱਮ. ਸੀ. ਵੋਟਿੰਗ ਦੌਰਾਨ ਇਲਾਕੇ ਵਿਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਉਨ੍ਹਾਂ ਨੇ ਮੰਗਲ ਦੀ ਹੱਤਿਆ ਕੀਤੀ। ਫਿਲਹਾਲ ਜ਼ਿਲਾ ਪ੍ਰਸ਼ਾਸਨ ਨੇ ਚੋਣ ਆਯੋਗ ਨੂੰ ਦਿੱਤੀ ਆਪਣੀ ਰਿਪੋਰਟ ਵਿਚ ਕਿਹਾ ਕਿ ਮੌਤ ਦਾ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿਚ ਕੇਂਦਰੀ ਬਲਾਂ ਦੇ ਇਕ ਵੱਡੇ ਦਲ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਇਸੇ ਜ਼ਿਲੇ ਦੇ ਸਾਲਬੋਨੀ ਇਲਾਕੇ ਵਿਚ ਟੀ. ਐੱਮ. ਸੀ. ਸਮਰਥਕਾਂ ਨੇ ਮਾਕਪਾ ਉਮੀਦਵਾਰ ਸੁਸ਼ਾਂਤ ਘੋਸ਼ ਨਾਲ ਕਥਿਤ ਤੌਰ ’ਤੇ ਹੱਥੋਪਾਈ ਕੀਤੀ ਅਤੇ ਉਸ ਦੀ ਕਾਰ ’ਤੇ ਪਥਰਾਅ ਕੀਤਾ। ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਜਿਵੇਂ ਹੀ ਘੋਸ਼ ਸਾਲਬੋਨੀ ਬਾਜ਼ਾਰ ਪਹੁੰਚੇ ਤਾਂ ਕੁਝ ਟੀ. ਐੱਮ. ਸੀ. ਸਮਰਥਕਾਂ ਨੇ ਉਸ ਦਾ ਘਿਰਾਓ ਕਰ ਲਿਆ ਅਤੇ ਉਸ ਨਾਲ ਹੱਥੋਪਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਘੋਸ਼ ਦੀ ਕਾਰ ’ਤੇ ਵੀ ਹਮਲਾ ਕੀਤਾ।
ਈ. ਵੀ. ਐੱਮ. ’ਚ ਗੜਬੜੀ ਦਾ ਟੀ. ਐੱਮ. ਸੀ. ਨੇ ਲਾਇਆ ਦੋਸ਼

ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਈ ਵੋਟਿੰਗ ਕੇਂਦਰਾਂ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਲੋਕ ਹਿੰਸਾ ਅਤੇ ਗਰਮੀ ਤੋਂ ਡਰਦਿਆਂ ਹੀ ਸਵੇਰੇ-ਸਵੇਰੇ ਵੱਡੀ ਗਿਣਤੀ ਵਿਚ ਪੁੱਜਣੇ ਸ਼ੁਰੂ ਹੋ ਗਏ। ਇਸ ਦਰਮਿਆਨ ਟੀ. ਐੱਮ. ਸੀ. ਦੇ ਇਕ ਵਫਦ ਨੇ ਈ. ਵੀ. ਐੱਮ. ਵਿਚ ਗੜਬੜੀ ਸਬੰਧੀ ਚੋਣ ਕਮਿਸ਼ਨ ਦੇ ਅਧਿਕਾਰੀ ਨਾਲ ਮੁਲਾਕਾਤ ਕੀਤੀ।

191 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ ਅੱਜ

ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੋਲਿੰਗ ਏਜੰਟਾਂ ਨੂੰ ਉਤਸ਼ਾਹਿਤ ਕਰਨ ਅਤੇ   ਆਖਰੀ ਸਮੇਂ ਵਿਚ ਵੋਟਰਾਂ ਤਕ ਪਹੁੰਚਣ ਲਈ ਵੋਟਿੰਗ ਕੇਂਦਰਾਂ ’ਤੇ ਆਉਂਦੇ ਦੇਖਿਆ ਗਿਆ। ਈ. ਸੀ. ਅਧਿਕਾਰੀ ਨੇ ਕਿਹਾ ਕਿ ਕੁਲ ਮਿਲਾ ਕੇ ਹੁਣ ਤਕ ਹਾਲਾਤ ਸ਼ਾਂਤੀਪੂਰਨ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਪਤਾਸ਼ਪੁਰ ਥਾਣੇ ਦੇ ਪੁਲਸ ਅਧਿਕਾਰੀ ਦੀਪਕ ਚੱਕਰਵਰਤੀ ਅਤੇ ਅਰਧ ਬਲ ਸੈਨਾ ਦਾ ਇਕ ਕਰਮਚਾਰੀ ਬੰਬ ਹਮਲੇ ਵਿਚ ਉਸ ਸਮੇਂ ਜ਼ਖਮੀ ਹੋ ਗਿਆ, ਜਦੋਂ ਉਹ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਇਨ੍ਹਾਂ 30 ਸੀਟਾਂ ’ਤੇ 73 ਲੱਖ ਤੋਂ ਵੱਧ ਵੋਟਰ 191 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਚੋਣ ਕਮਿਸਨ ਨੇ 7061 ਕੰਪਲੈਕਸਾਂ ਵਿਚ ਬਣਾਏ 10,288 ਵੋਟਿੰਗ ਕੇਂਦਰਾਂ ਦੀ ਸੁਰੱਖਿਆ ਲਈ ਕੇਂਦਰੀ ਬਲਾਂ ਦੀਆਂ ਤਕਰੀਬਨ 730 ਟੁਕੜੀਆਂ ਨੂੰ ਤਾਇਨਾਤ ਕੀਤਾ ਹੈ।
 


Anuradha

Content Editor

Related News