ਵਿਨੇਸ਼ ਫੋਗਾਟ ਨੇ ਹੁੱਡਾ ਪਰਿਵਾਰ ਨਾਲ ਕੀਤੀ ਮੁਲਾਕਾਤ, ਲੜ ਸਕਦੀ ਹੈ ਵਿਧਾਨ ਸਭਾ ਚੋਣਾਂ

Friday, Aug 23, 2024 - 11:51 PM (IST)

ਚੰਡੀਗੜ੍ਹ — ਪਹਿਲਵਾਨ ਵਿਨੇਸ਼ ਫੋਗਾਟ ਨੇ ਸ਼ੁੱਕਰਵਾਰ ਨੂੰ ਦਿੱਲੀ 'ਚ ਕਾਂਗਰਸ ਨੇਤਾ ਭੂਪੇਂਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਕਿਆਸ ਲਗਾਏ ਜਾ ਰਹੇ ਹਨ ਕਿ ਉਹ ਕਾਂਗਰਸ ਵਿੱਚ ਸ਼ਾਮਲ ਹੋ ਸਕਦੀ ਹੈ ਅਤੇ 1 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ।

ਰੋਹਤਕ ਤੋਂ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਫੋਗਾਟ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ, "ਦੇਸ਼ ਦੀ ਧੀ, ਹਰਿਆਣਾ ਦੀ ਸ਼ਾਨ, ਸਾਡੀ ਭੈਣ ਵਿਨੇਸ਼ ਫੋਗਾਟ ਅਤੇ ਉਨ੍ਹਾਂ ਦੇ ਪਤੀ ਸੋਮਵੀਰ ਰਾਠੀ ਨਾਲ ਉਨ੍ਹਾਂ ਦੇ ਦਿੱਲੀ ਸਥਿਤ ਘਰ 'ਤੇ ਪਰਿਵਾਰਕ ਮੁਲਾਕਾਤ ਹੋਈ।"

ਮੁਲਾਕਾਤ ਦੌਰਾਨ ਦੀਪੇਂਦਰ ਹੁੱਡਾ ਦੀ ਪਤਨੀ ਸ਼ਵੇਤਾ ਅਤੇ ਮਾਂ ਆਸ਼ਾ ਵੀ ਮੌਜੂਦ ਸਨ। ਪਿਛਲੇ ਸ਼ਨੀਵਾਰ ਦੀਪੇਂਦਰ ਹੁੱਡਾ ਨੇ ਪੈਰਿਸ ਓਲੰਪਿਕ ਤੋਂ ਵਾਪਸੀ 'ਤੇ ਫੋਗਟ ਦਾ ਦਿੱਲੀ ਹਵਾਈ ਅੱਡੇ 'ਤੇ ਸ਼ਾਨਦਾਰ ਸਵਾਗਤ ਕੀਤਾ ਸੀ। ਕਾਂਗਰਸ ਨੇਤਾ ਅਤੇ ਪਾਰਟੀ ਦੇ ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਬਰੀਆ ਨੂੰ ਦਿੱਲੀ ਵਿਚ ਪੱਤਰਕਾਰਾਂ ਨੇ ਪੁੱਛਿਆ ਕਿ ਕੀ ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਲਈ ਫੋਗਾਟ ਨਾਲ ਸੰਪਰਕ ਕੀਤਾ ਹੈ?

ਬਾਬਰੀਆ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਸਾਡੇ ਕਿਸੇ ਨੇਤਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਜਾਂ ਨਹੀਂ। ਪਰ ਜੇਕਰ ਉਹ ਚੋਣ ਲੜਨਾ ਚਾਹੁੰਦੀ ਹੈ ਤਾਂ ਉਸਦਾ ਸੁਆਗਤ ਹੈ।'' ਹਰਿਆਣਾ 'ਚ ਵਿਧਾਨ ਸਭਾ ਚੋਣਾਂ 1 ਅਕਤੂਬਰ ਨੂੰ ਹੋਣਗੀਆਂ ਅਤੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ।


Inder Prajapati

Content Editor

Related News