ਪਿੰਡ ਵਾਸੀਆਂ ਨੇ ਲਾਸ਼ ਟਾਇਰ ਦੀ ਟਿਊਬ ਨਾਲ ਬੰਨ੍ਹ ਨਦੀ ਪਾਰ ਕਰਵਾਈ, ਜਾਂਚ ਦੇ ਆਦੇਸ਼
Tuesday, Aug 16, 2022 - 05:55 PM (IST)
ਅਨੂਪੁਰ (ਭਾਸ਼ਾ)- ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਵਿਚ ਕੁਝ ਪਿੰਡ ਵਾਸੀਆਂ ਨੇ ਨਰਮਦਾ ਨਦੀ ਹੜ੍ਹ ਕਾਰਨ ਸੰਪਰਕ ਮਾਰਗ ਬੰਦ ਬੰਦ ਤੋਂ ਬਾਅਦ ਇਕ ਮ੍ਰਿਤਕ ਵਿਅਕਤੀ ਨੂੰ ਹਸਪਤਾਲ ਤੋਂ ਪਿੰਡ ਲਿਆਉਣ ਲਈ ਉਸ ਦੀ ਲਾਸ਼ ਟਰੱਕ ਦੇ ਟਾਇਰ ਟਿਊਬ ਨਾਲ ਬੰਨ੍ਹ ਕੇ ਨਦੀ ਪਾਰ ਕਰਵਾਈ। ਕੁਝ ਪਿੰਡ ਵਾਸੀਆਂ ਵੱਲੋਂ ਲਾਸ਼ ਨੂੰ ਟਿਊਬ ਦੀ ਮਦਦ ਨਾਲ ਨਦੀ ਪਾਰ ਕਰਵਾਉਣ ਦੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ, ਜਿਸ ਤੋਂ ਬਾਅਦ ਇਕ ਅਧਿਾਕਰੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਮਾਮਲੇ ਦੀ ਜਾਂਚ ਕਰਵਾਏਗਾ। ਇਕ ਅਧਿਕਾਰੀ ਨੇ ਦੱਸਿਆ ਕਿ ਅਨੂਪਪੁਰ ਜ਼ਿਲ੍ਹੇ ਦੇ ਠਾੜਪਾਠਰ ਪਿੰਡ ਦੇ ਵਾਸੀ ਵਿਸ਼ਮਤ ਨੰਦਾ (55) ਦੀ ਐਤਵਾਰ ਨੂੰ ਗੁਆਂਢੀ ਜ਼ਿਲ੍ਹੇ ਡਿੰਡੋਰੀ ਦੇ ਇਕ ਸਰਕਾਰੀ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ : 'Free Fire' ਗੇਮ ਦੀ ਮਦਦ ਨਾਲ ਪੁਲਸ ਨੇ ਪਰਿਵਾਰ ਨਾਲ ਮਿਲਾਈ ਲਾਪਤਾ ਕੁੜੀ, ਜਾਣੋ ਕਿਵੇਂ
ਜ਼ਿਲ੍ਹੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਐੱਸ.ਸੀ. ਰਾਏ ਨੇ ਮੰਗਲਵਾਰ ਨੂੰ ਦੱਸਿਆ ਕਿ ਨੰਦਾ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ, ਕੁਝ ਪਿੰਡ ਵਾਲੇ ਉਸ ਨੂੰ ਡਿੰਡੋਰੀ ਦੇ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਐਤਵਾਰ ਦੁਪਹਿਰ ਉਸ ਦੀ ਮੌਤ ਹੋ ਗਈ। ਰਾਏ ਨੇ ਕਿਹਾ ਕਿ ਵੀਡੀਓ ਤੋਂ ਪਤਾ ਲੱਗਾ ਹੈ ਕਿ ਇਹ ਅਨੂਪਪੁਰ ਅਤੇ ਡਿੰਡੋਰੀ ਜ਼ਿਲ੍ਹਿਆਂ ਵਿਚਕਾਰ ਨਰਮਦਾ ਨਦੀ ਦਾ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਿੰਡ ਠਾੜਪਾਠਰ ਲਿਜਾਣ ਲਈ ਐਂਬੂਲੈਂਸ ਬੁਲਾਈ ਗਈ ਪਰ ਉਸ ਨੂੰ ਰਸਤੇ ਵਿਚ ਹੀ ਰੋਕਣਾ ਪਿਆ ਕਿਉਂਕਿ ਪਿੰਡ ਠਾੜਪਾਠਰ ਨੂੰ ਜੋੜਨ ਵਾਲੀ ਇਕੋ ਇਕ ਸੜਕ ਦਰਿਆ ਵਿਚ ਹੜ੍ਹ ਆਉਣ ਕਾਰਨ ਬੰਦ ਸੀ ਅਤੇ ਉੱਥੇ ਕੋਈ ਪੁਲ ਨਹੀਂ ਸੀ। ਇਸ ਦੌਰਾਨ ਉੱਪ ਮੰਡਲ ਮੈਜਿਸਟਰੇਟ ਅਭਿਸ਼ੇਕ ਚੌਧਰੀ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰਾਂਗੇ ਕਿ ਅਜਿਹੇ ਹਾਲਾਤ ਕਿਵੇਂ ਪੈਦਾ ਹੋਏ।
ਇਹ ਵੀ ਪੜ੍ਹੋ : ਸੜਕ ਟੁੱਟੀ ਹੋਣ ਕਾਰਨ ਔਰਤ ਨੂੰ ਅਸਥਾਈ ਸਟ੍ਰੈਚਰ 'ਤੇ ਲਿਜਾਇਆ ਗਿਆ, ਨਵਜਨਮੇ ਜੁੜਵਾਂ ਬੱਚਿਆਂ ਦੀ ਮੌਤ