ਵਿਕਰਮ ਮਿਸਰੀ ਨੇ ਸੰਸਦੀ ਕਮੇਟੀ ਨੂੰ ਭਾਰਤ-ਪਾਕਿ ਜੰਗਬੰਦੀ ਬਾਰੇ ਦਿੱਤੀ ਜਾਣਕਾਰੀ
Tuesday, May 20, 2025 - 10:15 AM (IST)

ਨਵੀਂ ਦਿੱਲੀ- ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਪਾਕਿਸਤਾਨ ਦੇ ਝੂਠ ਨੂੰ ਦੁਨੀਆ ਸਾਹਮਣੇ ਬੇਨਕਾਬ ਕਰਨ ਲਈ ਬਣਾਈ ਗਈ ਸੰਸਦੀ ਕਮੇਟੀ ਨੂੰ ਸੋਮਵਾਰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਨਾ ਤਾਂ ਪ੍ਰਮਾਣੂ ਹਮਲੇ ਦਾ ਕੋਈ ਖ਼ਤਰਾ ਸੀ ਅਤੇ ਨਾ ਹੀ ਜੰਗਬੰਦੀ ਸਬੰਧੀ ਵਿਚੋਲਗੀ ’ਚ ਕੋਈ ਤੀਜਾ ਦੇਸ਼ ਸ਼ਾਮਲ ਸੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਹਮੇਸ਼ਾ ਤੋਂ ਹੀ ਨਾਮਨਜ਼ੂਰ ਰਿਹਾ ਹੈ। ਗੁਆਂਢੀ ਦੇਸ਼ ਵੱਲੋਂ ਪ੍ਰਮਾਣੂ ਹਮਲੇ ਦਾ ਕੋਈ ਸੰਕੇਤ ਨਹੀਂ ਦਿੱਤਾ ਗਿਆ। ਮਿਸਰੀ ਨੇ ਸਰਕਾਰ ਦੇ ਇਸ ਰੁਖ਼ ਨੂੰ ਦੁਹਰਾਇਆ ਕਿ ਫੌਜੀ ਕਾਰਵਾਈ ਨੂੰ ਰੋਕਣ ਦਾ ਫੈਸਲਾ ਦੁਵੱਲੇ ਪੱਧਰ ’ਤੇ ਲਿਆ ਗਿਆ ਸੀ। ਇਸ ਦਾ ਮਤਲਬ ਹੈ ਕਿ ਇਸ ਵਿੱਚ ਕੋਈ ਤੀਜਾ ਦੇਸ਼ ਸ਼ਾਮਲ ਨਹੀਂ ਸੀ।
ਉਨ੍ਹਾਂ ਇਹ ਗੱਲ ਉਦੋਂ ਕਹੀ ਜਦੋਂ ਕੁਝ ਵਿਰੋਧੀ ਮੈਂਬਰਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਰ-ਵਾਰ ਕੀਤੇ ਗਏ ਦਾਅਵਿਆਂ ’ਤੇ ਸਵਾਲ ਉਠਾਏ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਟਕਰਾਅ ਨੂੰ ਰੋਕਣ ’ਚ ਭੂਮਿਕਾ ਨਿਭਾਈ ਹੈ। ਮੀਟਿੰਗ ਤੋਂ ਬਾਅਦ ਤ੍ਰਿਣਮੂਲ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਸੰਸਦੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਹੈ ਕਿ ਉਹ 'ਦੇਸ਼ ਦੀ ਨੁਮਾਇੰਦਗੀ' ਕਰ ਰਹੇ ਹਨ। ਮੈਂ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜੇ ਇਹ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮਾਮਲਾ ਹੈ ਤਾਂ ਸਾਨੂੰ ਸਰਬਸੰਮਤੀ ਨਾਲ ਸਹਿਮਤ ਹੋਣਾ ਚਾਹੀਦਾ ਹੈ । ਇਕ ਸਹਿਮਤੀ ਬਣਾਉਣੀ ਚਾਹੀਦੀ ਹੈ। ਸਿਰਫ਼ ਸੰਸਦ ਮੈਂਬਰਾਂ ਨੂੰ ਹੀ ਨਹੀਂ , ਸਾਨੂੰ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਜਾਂ ਆਪ੍ਰੇਸ਼ਨ ਸਿੰਧੂਰ ਦੀ ਅਗਵਾਈ ਕਰਨ ਵਾਲੇ ਬਹਾਦਰ ਅਫਸਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਭੇਜਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਭਾਰਤ ਨੂੰ ਸੁਚੇਤ ਰੱਖਣ ਅਤੇ ਸ਼ਾਂਤੀ ਨਾਲ ਸੌਣ ਲਈ ਆਪਣੀਆਂ ਜਾਨਾਂ ਖਤਰੇ ’ਚ ਪਾ ਦਿੱਤੀਆਂ। ਦੇਸ਼ ਦੀ ਨੁਮਾਇੰਦਗੀ ਕਰਨ ਲਈ ਉਨ੍ਹਾਂ ਤੋਂ ਵਧੀਆ ਕੌਣ ਹੋ ਸਕਦਾ ਹੈ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8