ਵੀਅਤਨਾਮ ਖਰੀਦੇਗਾ ਭਾਰਤ ਤੋਂ ‘ਬ੍ਰਹਿਮੋਸ’, ਇੰਡੋਨੇਸ਼ੀਆ ਨਾਲ ਗੱਲਬਾਤ ਆਖਰੀ ਦੌਰ ’ਚ

Sunday, May 31, 2026 - 03:32 PM (IST)

ਵੀਅਤਨਾਮ ਖਰੀਦੇਗਾ ਭਾਰਤ ਤੋਂ ‘ਬ੍ਰਹਿਮੋਸ’, ਇੰਡੋਨੇਸ਼ੀਆ ਨਾਲ ਗੱਲਬਾਤ ਆਖਰੀ ਦੌਰ ’ਚ

ਨਵੀਂ ਦਿੱਲੀ (ਏਜੰਸੀ)- ਭਾਰਤ ਦੀ ਰੱਖਿਆ ਬਰਾਮਦ ਅਤੇ ਦੱਖਣ-ਪੂਰਬੀ ਏਸ਼ੀਆ ਵਿਚ ਰਣਨੀਤਕ ਪਹੁੰਚ ਨਾਲ ਜੁੜੇ ਇਕ ਵੱਡੇ ਘਟਨਾਚੱਕਰ ਵਿਚ, ਫਿਲੀਪੀਨਜ਼ ਤੋਂ ਬਾਅਦ ਹੁਣ ਵੀਅਤਨਾਮ ਨੇ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰਣਾਲੀ ਖਰੀਦਣ ਲਈ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ, ਜਦੋਂ ਕਿ ਇੰਡੋਨੇਸ਼ੀਆ ਨਾਲ ਇਸ ਸਬੰਧੀ ਗੱਲਬਾਤ ਆਖਰੀ ਦੌਰ ਵਿਚ ਹੈ।

ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਸਿੰਗਾਪੁਰ ਵਿਚ ‘ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼’ ਵੱਲੋਂ ਆਯੋਜਿਤ 23ਵੇਂ ਸਾਂਗਰੀ-ਲਾ ਡਾਇਲਾਗ ਵਿਚ ਇਕ ਪੈਨਲ ਚਰਚਾ ਦੌਰਾਨ ਇਹ ਗੱਲ ਕਹੀ। ਇਸ ਸਮਝੌਤੇ ਤੋਂ ਹਿੰਦ-ਪ੍ਰਸ਼ਾਂਤ ਖੇਤਰ ਵਿਚ ਰੱਖਿਆ ਭਾਈਵਾਲ ਵਜੋਂ ਭਾਰਤ ਦੀ ਵਧਦੀ ਸਾਖ ਦਾ ਪਤਾ ਲੱਗਦਾ ਹੈ। ਸਿੰਘ ਨੇ ਦੱਖਣ-ਪੂਰਬੀ ਏਸ਼ੀਆ ਵਿਚ ਬ੍ਰਹਿਮੋਸ ਮਿਜ਼ਾਈਲ ਦੇ ਸੰਭਾਵਿਤ ਖਰੀਦਦਾਰਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉੱਨਤ ਰੱਖਿਆ ਤਕਨੀਕਾਂ ਦਾ ਤਬਾਦਲਾ ਭਰੋਸੇ ਅਤੇ ਰਣਨੀਤਕ ਭਾਈਵਾਲੀ ’ਤੇ ਅਧਾਰਤ ਹੁੰਦਾ ਹੈ। ਰੱਖਿਆ ਸਹਿਯੋਗ ਪ੍ਰਤੀ ਭਾਰਤ ਦੇ ਦ੍ਰਿਸ਼ਟੀਕੋਣ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਆਪਣੇ ਵਧੇਰੇ ਉੱਨਤ ਹਥਿਆਰ ਅਤੇ ਪਲੇਟਫਾਰਮ ਉਨ੍ਹਾਂ ਦੇਸ਼ਾਂ ਨੂੰ ਵੇਚੇਗਾ ਜੋ ਦੋਸਤ ਵਿਦੇਸ਼ੀ ਦੇਸ਼ ਹਨ। ਤੁਸੀਂ ਇਸਨੂੰ ਕਿਸੇ ਵਿਰੋਧੀ ਜਾਂ ਅਜਿਹੇ ਕਿਸੇ ਵਿਅਕਤੀ ਨੂੰ ਨਹੀਂ ਵੇਚੋਗੇ ਜੋ ਇਸਨੂੰ ਕਿਸੇ ਵਿਰੋਧੀ ਨੂੰ ਦੇ ਸਕਦਾ ਹੋਵੇ।

ਸਿੰਘ ਨੇ ਕਿਹਾ ਕਿ ਮੇਰੀ ਸਮਝ ਮੁਤਾਬਕ, ਇੰਡੋਨੇਸ਼ੀਆ ਅਤੇ ਵੀਅਤਨਾਮ ਦੋਵਾਂ ਨਾਲ ਸਮਝੌਤਾ ਆਖਰੀ ਦੌਰ ਵਿਚ ਹੈ। ਅਸਲ ਵਿਚ ਵੀਅਤਨਾਮ ਦੇ ਮਾਮਲੇ ਵਿਚ ਮੇਰੀ ਜਾਣਕਾਰੀ ਅਨੁਸਾਰ ਇਸ ਉੱਤੇ ਪਹਿਲਾਂ ਹੀ ਦਸਤਖਤ ਹੋ ਚੁੱਕੇ ਹਨ। ਸ਼ਾਇਦ ਇਸਦਾ ਜਨਤਕ ਐਲਾਨ ਨਹੀਂ ਕੀਤਾ ਗਿਆ ਹੈ, ਪਰ ਇਸ ’ਤੇ ਦਸਤਖਤ ਹੋ ਚੁੱਕੇ ਹਨ।


author

cherry

Content Editor

Related News