ਫਾਂਸੀ ਦੀ ਵੀਡੀਓ ਸੋਸ਼ਲ ਮੀਡੀਆ ''ਤੇ ਕੀਤੀ ਪੋਸਟ, Meta AI ਨੇ ਇੰਝ ਬਚਾਈ ਔਰਤ ਦੀ ਜਾਨ
Monday, Sep 02, 2024 - 10:17 PM (IST)
ਨੈਸ਼ਨਲ ਡੈਸਕ : ਪਤੀ ਵੱਲੋਂ ਛੱਡੇ ਜਾਣ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਇਕ ਔਰਤ ਦੀ ਜਾਨ ਸੋਸ਼ਲ ਮੀਡੀਆ ਕੰਪਨੀ 'ਮੇਟਾ ਏਆਈ' ਦੇ ਅਲਰਟ ਤੋਂ ਬਾਅਦ ਪੁਲਸ ਨੇ ਬਚਾਈ ਹੈ। ਪੁਲਸ ਨੇ ਔਰਤ ਦੇ 23 ਸਾਲਾ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ 21 ਸਾਲਾ ਔਰਤ ਖੁਦਕੁਸ਼ੀ ਕਰਨ ਜਾ ਰਹੀ ਸੀ। ਉਸ ਨੇ ਆਪਣੇ ਗਲੇ 'ਚ ਫੰਦਾ ਬੰਨ੍ਹ ਕੇ ਵੀਡੀਓ ਬਣਾਈ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਡਾਇਰੈਕਟੋਰੇਟ ਜਨਰਲ ਆਫ਼ ਪੁਲਸ ਦੇ ਸੋਸ਼ਲ ਮੀਡੀਆ ਸੈਂਟਰ ਨੂੰ ਮੇਟਾ ਤੋਂ ਅਲਰਟ ਮਿਲਿਆ, ਜਿਸ ਤੋਂ ਬਾਅਦ ਪੁਲਸ ਸਰਗਰਮ ਹੋ ਗਈ ਅਤੇ ਔਰਤ ਦੇ ਪਿੰਡ ਦਾ ਪਤਾ ਲਗਾ ਕੇ ਮੌਕੇ 'ਤੇ ਪਹੁੰਚ ਗਈ।
ਪੁਲਸ ਨੇ ਔਰਤ ਨੂੰ ਖੁਦਕੁਸ਼ੀ ਕਰਨ ਤੋਂ ਰੋਕ ਦਿੱਤਾ। ਮੋਹਨ ਲਾਲ ਗੰਜ ਦੇ ਸਹਾਇਕ ਪੁਲਸ ਕਮਿਸ਼ਨਰ (ਏ.ਸੀ.ਪੀ.) ਰਜਨੀਸ਼ ਵਰਮਾ ਨੇ ਪੀਟੀਆਈ-ਵੀਡੀਓ ਨੂੰ ਦੱਸਿਆ ਕਿ ਸ਼ਨੀਵਾਰ ਦੁਪਹਿਰ ਕਰੀਬ 12 ਵਜੇ ਪੁਲਸ ਡਾਇਰੈਕਟਰ ਜਨਰਲ ਆਫ਼ਿਸ ਦੇ ਸੋਸ਼ਲ ਮੀਡੀਆ ਸੈਂਟਰ ਦੁਆਰਾ 'ਮੇਟਾ ਏਆਈ' ਤੋਂ ਇੱਕ ਅਲਰਟ ਪ੍ਰਾਪਤ ਹੋਇਆ ਸੀ ਕਿ ਇੱਕ ਔਰਤ ਫਾਹੇ 'ਤੇ ਲਟਕੀ ਹੋਈ ਹੈ। ਸੂਚਨਾ ਮਿਲਣ 'ਤੇ ਨਿਗੋਹਾ ਥਾਣੇ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਔਰਤ ਨੂੰ ਬਚਾਇਆ। ਵਰਮਾ ਅਨੁਸਾਰ ਜਦੋਂ ਔਰਤ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ।
ਵਰਮਾ ਨੇ ਦੱਸਿਆ ਕਿ ਉਕਤ ਔਰਤ ਦਾ ਮਲੀਹਾਬਾਦ ਦੇ ਰਹਿਣ ਵਾਲੇ 23 ਸਾਲਾ ਅਮਨ ਸ਼ਰਮਾ ਨਾਲ ਪ੍ਰੇਮ ਸਬੰਧ ਸਨ ਅਤੇ ਦੋਵਾਂ ਨੇ ਕਰੀਬ ਚਾਰ ਮਹੀਨੇ ਪਹਿਲਾਂ ਆਰੀਆ ਸਮਾਜ ਮੰਦਰ 'ਚ ਵਿਆਹ ਕਰਵਾ ਲਿਆ ਅਤੇ ਪਤੀ-ਪਤਨੀ ਦੇ ਰੂਪ 'ਚ ਇਕੱਠੇ ਰਹਿਣ ਲੱਗੇ। ਉਸ ਨੇ ਦੱਸਿਆ ਕਿ ਇਹ ਵਿਆਹ ਕਾਨੂੰਨੀ ਤੌਰ 'ਤੇ ਜਾਇਜ਼ ਨਾ ਹੋਣ ਕਾਰਨ ਅਮਨ ਔਰਤ ਨੂੰ ਛੱਡ ਕੇ ਮਲੀਹਾਬਾਦ ਸਥਿਤ ਆਪਣੇ ਘਰ ਚਲਾ ਗਿਆ। ਅਮਨ ਨੇ ਉਸ ਨੂੰ ਛੱਡਣ ਤੋਂ ਬਾਅਦ ਔਰਤ ਤਣਾਅ ਵਿਚ ਆ ਗਈ ਅਤੇ ਖੁਦਕੁਸ਼ੀ ਕਰਨ ਦਾ ਫੈਸਲਾ ਕੀਤਾ।
ਵਰਮਾ ਨੇ ਦੱਸਿਆ ਕਿ ਪੁਲਸ ਮੁਲਾਜ਼ਮ ਔਰਤ ਨੂੰ ਆਪਣੇ ਨਾਲ ਲੈ ਆਏ ਅਤੇ ਕਰੀਬ ਇਕ ਘੰਟੇ ਤੱਕ ਉਸ ਨੂੰ ਸਮਝਾਇਆ। ਉਨ੍ਹਾਂ ਦੱਸਿਆ ਕਿ ਔਰਤ ਅਜੇ ਤੰਦਰੁਸਤ ਹੈ ਅਤੇ ਪੁਲਸ ਲਗਾਤਾਰ ਉਸ ਦੇ ਸੰਪਰਕ ਵਿੱਚ ਹੈ। ਏਸੀਪੀ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ’ਤੇ ਉਸ ਦੇ ਅਖੌਤੀ ਪਤੀ ਅਮਨ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਔਰਤ ਦੀ ਕੌਂਸਲਿੰਗ ਕੀਤੀ ਜਾ ਰਹੀ ਹੈ।