ਵਿਹਿਪ ਦੇ ਦਫਤਰ ਪੁੱਜਿਆ ਨੌਜਵਾਨ, ਦਫਤਰ ਨੂੰ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ
Thursday, Jul 28, 2022 - 10:53 AM (IST)
ਨਵੀਂ ਦਿੱਲੀ– ਉਦੈਪੁਰ ਵਿਚ ਇਕ ਦਰਜੀ ਕਨ੍ਹਈਆਲਾਲ ਦੇ ਬੇਰਹਿਮੀ ਨਾਲ ਕਤਲ ਅਤੇ ਉਸ ਤੋਂ ਬਾਅਦ ਕਰਨਾਟਕ ਵਿਚ ਭਾਜਪਾ ਦੇ ਇਕ ਨੌਜਵਾਨ ਆਗੂ ਦੇ ਕਤਲ ਦੇ ਵਿਚਕਾਰ, ਰਾਜਧਾਨੀ ਦਿੱਲੀ ’ਚ ਇਕ ਨੌਜਵਾਨ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦਫ਼ਤਰ ਉੱਤੇ ਹਮਲਾ ਕਰ ਦਿੱਤਾ। ਉਹ ਦਿਨ-ਦਿਹਾੜੇ ਅੰਦਰ ਵੜਿਆ ਅਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਉਸ ਨੇ ਇਹ ਵੀ ਕਿਹਾ ਕਿ ਉਸਨੇ ਆਰ. ਐੱਸ. ਐੱਸ. ਦੇ ਦਫਤਰ ਦੀ ਰੇਕੀ ਵੀ ਕੀਤੀ ਹੈ।
ਹਾਲਾਂਕਿ ਇਸ ਵਿਅਕਤੀ ਨੂੰ ਉਥੇ ਮੌਜੂਦ ਵਰਕਰਾਂ ਨੇ ਤੁਰੰਤ ਕਾਬੂ ਕਰ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ। ਆਰ. ਐੱਸ. ਐੱਸ. ਅਤੇ ਵੀ. ਐੱਚ. ਪੀ. ਦਫਤਰ ਨੂੰ ਉਡਾਉਣ ਦੀ ਧਮਕੀ ਦੇ ਕਾਰਨ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ ਸਮੇਤ ਹੋਰ ਸੁਰੱਖਿਆ ਏਜੰਸੀਆਂ ਵੀ ਮੌਕੇ ’ਤੇ ਪਹੁੰਚ ਗਈਆਂ। ਸਾਰੀਆਂ ਏਜੰਸੀਆਂ ਮਿਲ ਕੇ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ। ਦੋਸ਼ੀ ਨੌਜਵਾਨ ਦਾ ਨਾਂ ਪ੍ਰਿੰਸ ਪਾਂਡੇ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪ੍ਰਿੰਸ ਦੇ ਪਿੰਡ ’ਚ ਇਕ ਪਰਿਵਾਰ ਦਾ ਧਰਮ ਪਰਿਵਰਤਨ ਹੋਇਆ ਸੀ, ਜਿਸ ਕਾਰਨ ਉਸ ਨੂੰ ਡੂੰਘੀ ਸੱਟ ਵੱਜੀ ਸੀ। ਉਸ ਅਨੁਸਾਰ ਮੱਧ ਪ੍ਰਦੇਸ਼ ਦੇ ਆਰ. ਐੱਸ. ਐੱਸ. ਨਾਲ ਜੁੜੇ ਦਫ਼ਤਰ ਉਸ ਦੀ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕਰ ਰਹੇ ਸਨ। ਦਿੱਲੀ ਆ ਕੇ ਵੀ ਉਸ ਨੇ ਸੰਘ ਦੇ ਅਧਿਕਾਰੀਆਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਕਾਮਯਾਬ ਨਾ ਹੋਇਆ ਤਾਂ ਬੁੱਧਵਾਰ ਨੂੰ ਉਸ ਨੇ ਅਜਿਹੀ ਹਰਕਤ ਕੀਤੀ।