ਸਬਜ਼ੀ ਵੇਚਣ ਵਾਲੇ ਦੀ ਦਰਿਆਦਿਲੀ- ''ਸੰਭਵ ਹੋਵੇ ਤਾਂ ਖਰੀਦੋ, ਨਹੀਂ ਤਾਂ ਮੁਫ਼ਤ ''ਚ ਲੈ ਜਾਓ''

05/27/2020 11:51:14 AM

ਔਰੰਗਾਬਾਦ (ਭਾਸ਼ਾ)— ਮਹਾਰਾਸ਼ਟਰ ਦੇ ਔਰੰਗਾਬਾਦ ਸ਼ਹਿਰ ਵਿਚ ਤਾਲਾਬੰਦੀ ਦਰਮਿਆਨ ਇਕ ਰੇਹੜੀ 'ਤੇ ਲੱਗਾ ਬੋਰਡ ਉੱਥੋਂ ਲੰਘਣ ਵਾਲਿਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਬੋਰਡ 'ਤੇ ਲਿਖਿਆ ਹੈ— ''ਸੰਭਵ ਹੋਵੇ ਤਾਂ ਖਰੀਦੋ, ਨਹੀਂ ਤਾਂ ਮੁਫ਼ਤ 'ਚ ਲੈ ਜਾਓ।'' ਕੁਝ ਲੋਕ ਇਸ ਰੇਹੜੀ ਨੂੰ ਉਤਸੁਕਤਾ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ ਅਤੇ ਕੁਝ ਸਬਜ਼ੀ ਵੇਚਣ ਵਾਲੇ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹਨ। ਇਹ ਸਬਜ਼ੀ ਵੇਚਣ ਵਾਲਾ ਗਰੈਜੂਏਸ਼ਨ ਪਾਸ ਹੈ ਅਤੇ ਕਿਸੀ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਹੈ। ਇਸ ਸਬਜ਼ੀ ਵੇਚਣ ਵਾਲੇ ਦਾ ਨਾਂ ਹੈ, ਰਾਹੁਲ ਲਾਬੜੇ।

ਤਾਲਾਬੰਦੀ ਦੀ ਵਜ੍ਹਾ ਕਰ ਕੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਉਹ ਸਬਜ਼ੀ ਮੁਹੱਈਆ ਕਰਵਾ ਰਿਹਾ ਹੈ। ਤਾਲਾਬੰਦੀ ਕਰ ਕੇ ਜਦੋਂ ਇਕ ਪ੍ਰਾਈਵੇਟ ਕੰਪਨੀ ਨੇ ਉਸ ਨੂੰ ਤਨਖਾਹ ਦੇਣੀ ਬੰਦ ਕਰ ਦਿੱਤੀ ਤਾਂ ਰਾਹੁਲ ਨੇ ਰੋਜ਼ੀ-ਰੋਟੀ ਲਈ ਆਪਣੇ ਪਿਤਾ ਨਾਲ ਸਬਜ਼ੀਆਂ ਵੇਚਣ ਦਾ ਫੈਸਲਾ ਕੀਤਾ। ਸ਼ੁਰੂ ਵਿਚ ਉਹ ਹੋਰ ਸਬਜ਼ੀ ਵੇਚਣ ਵਾਲਿਆਂ ਵਾਂਗ ਹੀ ਬਜ਼ਾਰ ਦੀ ਕੀਮਤ 'ਤੇ ਸਬਜ਼ੀਆਂ ਵੇਚਦਾ ਸੀ ਪਰ ਬਾਅਦ ਵਿਚ ਉਸ ਨੇ ਲੋੜਵੰਦਾਂ ਅਤੇ ਗਰੀਬ ਲੋਕਾਂ ਨੂੰ ਮੁਫ਼ਤ 'ਚ ਸਬਜ਼ੀਆਂ ਦੇਣ ਦਾ ਫੈਸਲਾ ਲਿਆ।

ਰਾਹੁਲ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਇਕ ਜਨਾਨੀ 5 ਰੁਪਏ ਲੈ ਕੇ ਸਬਜ਼ੀ ਖਰੀਦਣ ਆਈ ਸੀ। ਰਾਹੁਲ ਨੇ ਅੱਗੇ ਦੱਸਿਆ ਕਿ ਬਜ਼ੁਰਗ ਜਨਾਨੀ ਮੇਰੇ ਕੋਲ ਆਈ ਅਤੇ ਉਸ ਨੇ 5 ਰੁਪਏ ਦੀ ਸਬਜ਼ੀ ਦੇਣ ਨੂੰ ਕਿਹਾ, ਕਿਉਂਕਿ ਉਸ ਕੋਲ ਪੈਸੇ ਨਹੀਂ ਸਨ। ਰਾਹੁਲ ਨੇ ਕਿਹਾ ਕਿ ਮੈਂ ਸੋਚਿਆ ਕੀ 5 ਰੁਪਏ 'ਚ ਕੀ ਆਵੇਗਾ। ਇਸ ਤੋਂ ਬਾਅਦ ਮੈਂ ਉਸ ਨੂੰ ਮੁਫ਼ਤ 'ਚ ਓਨੀਆਂ ਸਬਜ਼ੀਆਂ ਦੇ ਦਿੱਤੀਆਂ, ਜਿਨ੍ਹੀਆਂ ਦੀ ਉਸ ਨੂੰ ਲੋੜ ਸੀ। ਇਸ ਤੋਂ ਬਾਅਦ ਮੈਂ ਫੈਸਲਾ ਲਿਆ ਕਿ ਅਜਿਹੇ ਲੋਕ ਜੋ ਖਰੀਦਣ ਨਹੀਂ ਖਰੀਦ ਸਕਦੇ ਹਨ, ਉਨ੍ਹਾਂ ਨੂੰ ਮੁਫ਼ਤ 'ਚ ਸਬਜ਼ੀ ਦਿੱਤੀ ਜਾਵੇਗੀ।

ਰਾਹੁਲ ਦਾ ਦਾਅਵਾ ਹੈ ਕਿ ਪਿਛਲੇ 3 ਦਿਨਾਂ ਵਿਚ ਉਹ ਕਰੀਬ 100 ਲੋਕਾਂ ਦੀ ਮਦਦ ਕਰ ਚੁੱਕਾ ਹੈ। ਉਹ ਸ਼ਹਿਰ ਦੇ ਭਾਵਸਿੰਘਪੁਰਾ ਖੇਤਰ ਦੇ ਅੰਬੇਡਕਰ ਚੌਕ 'ਤੇ ਸਬਜ਼ੀ ਵੇਚਦਾ ਹੈ। ਉਸ ਨੇ ਕਿਹਾ ਕਿ ਮੈਂ ਹੁਣ ਤੱਕ ਲੋਕਾਂ ਨੂੰ 2 ਹਜ਼ਾਰ ਰੁਪਏ ਤੱਕ ਦੀ ਸਬਜ਼ੀ ਮੁਫ਼ਤ ਦੇ ਚੁੱਕਾ ਹੈ। ਮੈਂ ਇਹ ਕੰਮ ਉਦੋਂ ਤੱਕ ਜਾਰੀ ਰੱਖਾਂਗਾ, ਜਦੋਂ ਤੱਕ ਮੇਰੀ ਆਰਥਿਕ ਸਥਿਤੀ ਇਸ ਦੀ ਇਜਾਜ਼ਤ ਦੇਵੇਗੀ। ਮੇਰੀ ਇੱਛਾ ਹੈ ਕਿ ਕੋਈ ਵੀ ਰਾਤ ਨੂੰ ਭੁੱਖਾ ਨਾ ਸੌਂਵੇ।


Tanu

Content Editor

Related News