ਬਿਹਾਰ ’ਚ ਪੀ. ਐੱਮ. ਮੋਦੀ ਤੇ ਪ੍ਰਿਅੰਕਾ ਚੋਪੜਾ ਨੇ ਲਗਵਾਈ ਕੋਰੋਨਾ ਵੈਕਸੀਨ! ਮਾਮਲਾ ਜਾਣ ਹੋਵੋਗੇ ਹੈਰਾਨ
Monday, Dec 06, 2021 - 01:26 PM (IST)
ਪਟਨਾ (ਬਿਊਰੋ)– ਆਰ. ਟੀ. ਪੀ. ਸੀ. ਆਰ. ਟੈਸਟ ਤੇ ਕੋਰੋਨਾ ਵੈਕਸੀਨੇਸ਼ਨ ਦੇ ਨਾਮ ’ਤੇ ਬਿਹਾਰ ਦੇ ਅਰਵਲ ਜ਼ਿਲ੍ਹੇ ਦੀ ਕਰਪੀ ਏ. ਪੀ. ਐੱਚ. ਸੀ. ’ਚ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਇਥੇ ਵੈਕਸੀਨ ਲੈਣ ਵਾਲਿਆਂ ਦੀ ਸੂਚੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਫ਼ਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਵਰਗੇ ਲੋਕਾਂ ਦੇ ਨਾਮ ਸ਼ਾਮਲ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਦੋ ਡਾਟਾ ਆਪਰੇਟਰਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਹਟਾਏ ਗਏ ਆਪਰੇਟਰਾਂ ਦਾ ਕਹਿਣਾ ਹੈ ਕਿ ਸਿਹਤ ਪ੍ਰਬੰਧਕ ਦੇ ਦਬਾਅ ’ਚ ਉਨ੍ਹਾਂ ਲੋਕਾਂ ਨੇ ਅਜਿਹਾ ਕੀਤਾ।
ਇਹ ਖ਼ਬਰ ਵੀ ਪੜ੍ਹੋ : ਕਿਸਾਨ ਬੀਬੀਆਂ ਦਾ ਵੱਡਾ ਐਲਾਨ, ‘ਕੰਗਨਾ ਦੀ ਪੰਜਾਬ ’ਚ ਹੋਵੇਗੀ ਐਂਟਰੀ ਬੈਨ, ਨਾਲ ਲਵਾਂਗੇ ਲਿਖਤੀ ਮੁਆਫ਼ੀਨਾਮਾ’
ਇਹ ਧੋਖਾਧੜੀ ਕੋਰੋਨਾ ਵੈਕਸੀਨ ਲੈਣ ਵਾਲਿਆਂ ਤੇ ਆਰ. ਟੀ. ਪੀ. ਸੀ. ਆਰ. ਟੈਸਟ ਦੇ ਨਾਂ ’ਤੇ ਕੀਤੀ ਗਈ ਹੈ। ਲਿਸਟ ’ਚ ਕਈ ਅਜਿਹੇ ਨਾਂ ਹਨ, ਜਿਨ੍ਹਾਂ ਨੂੰ ਦੇਖ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ। ਹਟਾਏ ਗਏ ਆਪਰੇਟਰ ਵਿਨੈ ਕੁਮਾਰ ਨੇ ਦੱਸਿਆ ਕਿ ਉਹ ਸ਼ਹਿਰ ਦੇ ਤੇਲਪਾ ਏ. ਪੀ. ਐੱਚ. ਸੀ. ’ਚ ਕੰਮ ਕਰਦਾ ਹੈ।
ਉਸ ਨੇ ਇਸ ਲਈ ਸਿਹਤ ਪ੍ਰਬੰਧਕ ਨੂੰ ਜ਼ਿੰਮੇਵਾਰ ਠਹਿਰਾਇਆ। ਉਨਾਂ ਕਿਹਾ ਕਿ ਉਨ੍ਹਾਂ ਨੂੰ ਡਾਟਾ ਵੀ ਨਹੀਂ ਦਿੱਤਾ ਗਿਆ ਤੇ ਸਿਹਤ ਪ੍ਰਬੰਧਕ ਉਨ੍ਹਾਂ ’ਤੇ ਜ਼ਬਰਦਸਤੀ ਐਂਟਰੀ ਪਾਉਣ ਲਈ ਦਬਾਅ ਪਾਉਂਦੇ ਸਨ। ਇਕ ਹੋਰ ਡਾਟਾ ਆਪਰੇਟਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਜੋ ਡਾਟਾ ਦਿੱਤਾ ਗਿਆ, ਉਨ੍ਹਾਂ ਦੀ ਐਂਟਰੀ ਕੀਤੀ ਹੈ। ਉਨ੍ਹਾਂ ’ਤੇ ਦਬਾਅ ਪਾਇਆ ਗਿਆ ਸੀ। ਜਦੋਂ ਮਾਮਲਾ ਸਿਖਰ ਤਕ ਗਿਆ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਇਥੇ ਸਥਾਨਕ ਵਿਧਾਇਕ ਮਹਾਨੰਦ ਸਿੰਘ ਨੇ ਇਸ ਨੂੰ ਲੈ ਕੇ ਸਰਕਾਰ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫਰਜ਼ੀ ਅੰਕੜਿਆਂ ਦੀ ਮਦਦ ਨਾਲ ਇਸ ਨੂੰ ਪੂਰੇ ਦੇਸ਼ ਦੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ। ਸਿਹਤ ਵਿਭਾਗ ਦੀ ਜ਼ਮੀਨੀ ਹਕੀਕਤ ਕੀ ਹੈ, ਸਭ ਨੂੰ ਪਤਾ ਹੈ। ਹਾਲਾਂਕਿ ਇਸ ਧੋਖਾਧੜੀ ਨੇ ਹੋਰ ਥਾਵਾਂ ’ਤੇ ਚੱਲ ਰਹੀ ਜਾਂਚ ਤੇ ਟੀਕਾਕਰਨ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।