ਉਤਰਕਾਸ਼ੀ ''ਚ ਬੱਦਲ ਫਟਣ ਨਾਲ ਭਾਰੀ ਤਬਾਹੀ, 17 ਲੋਕਾਂ ਦੀਆਂ ਲਾਸ਼ਾਂ ਮਿਲੀਆਂ
Monday, Aug 19, 2019 - 10:58 AM (IST)

ਉਤਰਾਖੰਡ— ਹੜ੍ਹ ਅਤੇ ਜ਼ਮੀਨ ਖਿੱਸਕਣ ਕਾਰਨ ਉਤਰਾਖੰਡ 'ਚ ਭਾਰੀ ਨੁਕਸਾਨ ਹੋਇਆ ਹੈ। ਇੱਥੇ 8 ਜ਼ਿਲਿਆਂ 'ਚ ਤਬਾਹੀ ਮਚੀ ਹੋਈ ਹੈ। ਕਈ ਜਗ੍ਹਾ ਬੱਦਲ ਫਟਣ ਤੋਂ ਬਾਅਦ ਕੋਹਰਾਮ ਮਚਿਆ ਹੋਇਆ ਹੈ ਤਾਂ ਕਈ ਜਗ੍ਹਾ ਜ਼ਮੀਨ ਖਿੱਸਕਣ ਨਾਲ ਪਹਾੜ ਟੁੱਟ ਕੇ ਸੜਕਾਂ 'ਤੇ ਡਿੱਗ ਰਹੇ ਹਨ। ਉਤਰਕਾਸ਼ੀ ਦੇ ਮੋਰੀ ਖੇਤਰ 'ਚ ਐਤਵਾਰ ਨੂੰ ਬੱਦਲ ਫਟ ਗਿਆ ਸੀ। ਇਸ ਹਾਦਸੇ 'ਚ 17 ਲੋਕਾਂ ਦੀ ਮੌਤ ਹੋ ਗਈ ਹੈ। ਰੈਸਕਿਊ ਆਪਰੇਸ਼ਨ ਜਾਰੀ ਹੈ। ਆਫਤ ਪ੍ਰਬੰਧਨ ਦੇ ਸਕੱਤਰ ਐੱਸ.ਏ. ਮੁਰੂਗੇਸਨ ਨੇ ਦੱਸਿਆ ਕਿ ਉਤਰਕਾਸ਼ੀ ਦੇ ਮੋਰੀ ਤਹਿਸੀਲ 'ਚ ਬੱਦਲ ਫਟਣ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ। ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵਿੱਤ ਸਕੱਤਰ ਅਮਿਤ ਨੇਗੀ, ਇੰਸਪੈਕਟਰ ਜਨਰਲ (ਆਈ.ਜੀ.) ਸੰਜੇ ਗੁੰਜਯਾਲ ਅਤੇ ਉਤਰਕਾਸ਼ੀ ਦੇ ਜ਼ਿਲਾ ਮੈਜਿਸਟਰੇਟ (ਡੀ.ਐੱਮ.) ਆਸ਼ੀਸ਼ ਚੌਹਾਨ ਨੇ ਅਰਕੋਟ 'ਚ ਹਾਲਾਤ ਦਾ ਜਾਇਜ਼ਾ ਲਿਆ। ਦਰਅਸਲ ਉਤਰਕਾਸ਼ੀ ਦੇ ਮੋਰੀ ਖੇਤਰ 'ਚ ਐਤਵਾਰ ਨੂੰ ਭਾਰੀ ਬਾਰਸ਼ ਹੋਈ। ਇਸ ਤੋਂ ਬਾਅਦ ਬਦਲ ਫਟ ਗਿਆ। ਇਸ ਹਾਦਸੇ 'ਚ ਪਿੰਡ ਵਾਸੀਆਂ ਦੇ ਮਲਬੇ 'ਚ ਦਬੇ ਹੋਣ ਦੀ ਸੂਚਨਾ ਮਿਲੀ। ਇਸ 'ਤੇ ਐੱਸ.ਡੀ.ਆਰ.ਐੱਫ. ਦੀ ਟੀਮ ਬੜਕੋਟ ਤੋਂ ਰਵਾਨਾ ਹੋਈ। ਸੁਦੂਰਵਰਤੀ ਖੇਤਰ ਮੋਰੀ ਦੇ ਪਿੰਡ ਮਾਕੁੜੀ, ਟਿਕੋਚੀ ਅੇਤ ਆਰਾਕੋਟ ਭਾਰੀ ਬਾਰਸ਼ ਨਾਲ ਸਭ ਤੋਂ ਵਧ ਪ੍ਰਭਾਵਿਤ ਹੋਏ ਹਨ।
ਕਈ ਲੋਕਾਂ ਦੇ ਮਲਬੇ ਹੇਠ ਦੱਬਣ ਦੀ ਖਬਰ
ਮਾਕੁੜੀ 'ਚ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਖਬਰ ਹੈ। ਐੱਸ.ਡੀ.ਆਰ.ਐੱਫ. ਦੀ ਟੀਮ ਬੜਕੋਟ ਤੋਂ ਪ੍ਰਭਾਵਿਤ ਇਲਾਕੇ ਆਰਾਕੋਟ 'ਚ ਪਹੁੰਚ ਚੁਕੀ ਹੈ। ਰੈਸਕਿਊ ਟੀਮ ਦੇ ਮੋਰੀ ਤੱਕ ਪਹੁੰਚਣ ਦੀ ਸੂਚਨਾ ਹੈ। ਰਸਤਾ ਜ਼ਿਆਦਾ ਟੁੱਟੇ ਹੋਣ ਕਾਰਨ ਟੀਮ ਨੂੰ ਪ੍ਰਭਾਵਿਤ ਪਿੰਡ 'ਚ ਪਹੁੰਚ 'ਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਰੀ ਦੇ ਰੈਸਕਿਊ ਲਈ 2 ਹੈਲੀਕਾਪਟਰ ਵੀ ਲਗਾਏ ਗਏ ਹਨ।
ਆਫ਼ਤ ਰਾਹਤ ਪੈਕੇਟ ਪਹੁੰਚਾਏ ਜਾ ਰਹੇ
ਆਰਾਕੋਟ ਪਹੁੰਚੀ ਐੱਸ.ਡੀ.ਆਰ.ਐੱਫ. ਟੀਮ ਨੇ ਬਚਾਅ ਮੁਹਿੰਮ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਕ ਜ਼ਖਮੀ ਨੂੰ ਸਨੇਲ ਤੋਂ ਆਰਾਕੋਟ ਹਸਪਤਾਲ ਪਹੁੰਚਾਇਆ ਗਿਆ। ਲਗਭਗ 170 ਪਿੰਡ ਵਾਸੀਆਂ ਨੂੰ ਜੰਗਾਲਤ ਵਿਸ਼ਰਾਮ ਗ੍ਰਹਿ ਭੇਜਿਆ ਗਿਆ ਹੈ। ਪ੍ਰਭਾਵਿਤ ਇਲਾਕਿਆਂ 'ਚ ਐੱਸ.ਡੀ.ਆਰ.ਐੱਫ. ਵਲੋਂ ਆਫਤ ਰਾਹਤ ਪੈਕੇਟ ਪਹੁੰਚਾਏ ਜਾ ਰਹੇ ਹਨ।