ਉਤਰਾਖੰਡ ''ਚ ਤੀਰਥ ਸਿੰਘ ਦੀ ਅਗਵਾਈ ਵਾਲੇ ਕੈਬਨਿਟ ਨੇ ਚੁੱਕੀ ਸਹੁੰ
Saturday, Mar 13, 2021 - 10:15 AM (IST)
ਦੇਹਰਾਦੂਨ– ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ 2 ਦਿਨ ਦੀ ਮਿਹਨਤ ਤੋਂ ਬਾਅਦ ਸ਼ੁੱਕਰਵਾਰ ਨੂੰ ਮੰਤਰੀ ਪ੍ਰੀਸ਼ਦ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ 8 ਕੈਬਨਿਟ ਮੰਤਰੀ ਅਤੇ 3 ਰਾਜ ਮੰਤਰੀ ਬਣਾਏ ਗਏ ਹਨ। ਤੀਰਥ ਦੀ ਕੈਬਨਿਟ ਵਿਚ ਅਹੁਦਾ ਛੱਡੀ ਤ੍ਰਿਵੇਂਦਰ ਕੈਬਨਿਟ ਦੇ ਇਕ ਮੈਂਬਰ ਨੂੰ ਛੱਡ ਕੇ ਸਾਰਿਆਂ ਨੂੰ ਬਰਕਰਾਰ ਰੱਖਿਆ ਗਿਆ ਹੈ। 4 ਨਵੇਂ ਚਿਹਰੇ ਵੀ ਸ਼ਾਮਲ ਕੀਤੇ ਗਏ ਹਨ। ਰਾਜ ਪਾਲ ਬੇਬੀ ਰਾਣੀ ਮੌਰਿਆ ਨੇ ਰਾਜ ਭਵਨ ਵਿਚ ਸ਼ਾਮ ਨੂੰ ਆਯੋਜਿਤ ਸਮਾਰੋਹ ਵਿਚ ਸਾਰੇ ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਕੈਬਨਿਟ ਮੰਤਰੀ ਅਰਵਿੰਦ ਪਾਂਡੇ ਨੇ ਸੰਸਕ੍ਰਿਤ ਭਾਸ਼ਾ ਵਿਚ ਸਹੁੰ ਚੁੱਕੀ, ਜਦਕਿ ਬਾਕੀ ਮੈਂਬਰਾਂ ਨੇ ਸਹੁੰ ਚੁੱਕਣ ਲਈ ਹਿੰਦੀ ਭਾਸ਼ਾ ਨੂੰ ਚੁਣਿਆ।
ਇਹ ਵੀ ਪੜ੍ਹੋ : ਤੀਰਥ ਸਿੰਘ ਰਾਵਤ ਬਣਨਗੇ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ
ਤੀਰਥ ਦੀ ਮੰਤਰੀ ਪ੍ਰੀਸ਼ਦ ਵਿਚ ਜਿਨ੍ਹਾਂ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਸ ਵਿਚ ਕੈਬਨਿਟ ਮੰਤਰੀ ਵਜੋਂ ਪੌੜੀ ਜਨਪਦ ਦੇ ਚੌਬਟਾਖਾਲ ਤੋਂ ਵਿਧਾਇਕ ਸਤਪਾਲ ਮਹਾਰਾਜ, ਨੈਨੀਤਾਲ ਦੇ ਕਾਲਾਢੂੰਗੀ ਤੋਂ ਵਿਧਾਇਕ ਬੰਸ਼ੀਧਰ ਭਗਤ, ਪੌੜੀ ਦੇ ਕੋਟਦਵਾਰ ਤੋਂ ਵਿਧਾਇਕ ਹਰਕ ਸਿੰਘ, ਪਿਥੌਰਾਗੜ੍ਹ ਦੇ ਡੀਡੀਹਾਟ ਦੇ ਬਿਸ਼ਨ ਸਿੰਘ ਚੁਫਾਲ, ਉਧਮ ਸਿੰਘ ਨਗਰ ਦੇ ਬਾਜਪੁਰ ਤੋਂ ਵਿਧਾਇਕ ਯਸ਼ਪਾਲ ਆਰਿਆ, ਉਧਮ ਸਿੰਘ ਨਗਰ ਦੇ ਹੀ ਗਦਰਪੁਰ ਤੋਂ ਵਿਧਾਇਕ ਅਰਵਿੰਦ ਪਾਂਡੇ, ਟਿਹਰੀ ਦੇ ਨਰਿੰਦਰ ਨਗਰ ਤੋਂ ਵਿਧਾਇਕ ਸੁਬੋਧ ਉਨੀਯਾਲ, ਦੇਹਰਾਦੂਨ ਦੇ ਮਸੂਰੀ ਵਿਧਾਇਕ ਗਣੇਸ਼ ਜੋਸ਼ੀ ਸ਼ਾਮਲ ਹਨ। ਇਸ ਤੋਂ ਇਲਾਵਾ ਪੌੜੀ ਦੇ ਸ਼੍ਰੀਨਗਰ ਵਿਧਾਇਕ ਧਨ ਸਿੰਘ ਰਾਵਤ, ਅਲਮੋਡਾ ਦੇ ਸੋਮੇਸ਼ਵਰ ਦੀ ਵਿਧਾਇਕ ਰੇਖਾ ਆਰਿਆ ਅਤੇ ਹਰਿਦਵਾਰ ਪੇਂਡੂ ਖੇਤਰ ਦੇ ਵਿਧਾਇਕ ਯਤੀਸ਼ਵਰਾਨੰਦ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਤ੍ਰਿਵੇਂਦਰ ਸਿੰਘ ਰਾਵਤ ਨੇ ਉਤਰਾਖੰਡ ਦੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ