ਤ੍ਰਿਵੇਂਦਰ ਸਿੰਘ ਰਾਵਤ ਨੇ ਉਤਰਾਖੰਡ ਦੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ

03/09/2021 4:25:55 PM

ਨਵੀਂ ਦਿੱਲੀ- ਤ੍ਰਿਵੇਂਦਰ ਸਿੰਘ ਰਾਵਤ ਨੇ ਮੰਗਲਵਾਰ ਨੂੰ ਉਤਰਾਖੰਡ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਰਾਜ ਭਵਨ 'ਚ ਰਾਜਪਾਲ ਬੇਬੀ ਰਾਣੀ ਮੋਰੀਆ ਨੂੰ ਆਪਣਾ ਅਸਤੀਫ਼ਾ ਸੌਂਪਿਆ। 4 ਸਾਲ ਪੂਰੇ ਹੋਣ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਸੋਮਵਾਰ ਨੂੰ ਦਿੱਲੀ 'ਚ ਰਾਵਤ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨਾਲ ਮੁਲਾਕਾਤ ਕੀਤੀ। ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲੇ। ਦਰਅਸਲ ਉਤਰਾਖੰਡ ਭਾਜਪਾ ਦਾ ਇਕ ਧਿਰ ਤ੍ਰਿਵੇਂਦਰ ਸਿੰਘ ਦੀ ਕਾਰਜਸ਼ੈਲੀ ਤੋਂ ਖ਼ੁਸ਼ ਨਹੀਂ ਹੈ। ਉਸ ਨੇ ਪਾਰਟੀ ਹਾਈ ਕਮਾਨ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ। ਰਾਵਤ ਤੋਂ ਅਸੰਤੁਸ਼ਟ ਰਹਿਣ ਵਾਲੇ ਨੇਤਾਵਾਂ 'ਚ ਸੰਸਦ ਮੈਂਬਰ ਅਤੇ ਵਿਧਾਇਕ ਸ਼ਾਮਲ ਹਨ। ਕੁਝ ਦਿਨ ਪਹਿਲਾਂ ਭਾਜਪਾ ਦੀ ਅਗਵਾਈ ਨੇ ਪਾਰਟੀ ਦੇ ਉੱਪ ਪ੍ਰਧਾਨ ਰਮਨ ਸਿੰਘ ਅਤੇ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਨੂੰ ਸੁਪਰਵਾਈਜ਼ਰ ਦੇ ਰੂਪ 'ਚ ਉਤਰਾਖੰਡ ਭੇਜਿਆ ਸੀ। ਇਨ੍ਹਾਂ ਦੋਹਾਂ ਨੇਤਾਵਾਂ ਨੇ ਉਤਰਾਖੰਡ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਤੋਂ ਫੀਡਬੈਕ ਲਿਆ।

ਇਹ ਵੀ ਪੜ੍ਹੋ : ਲੀਡਰਸ਼ਿਪ ਤਬਦੀਲੀ ਦੀਆਂ ਅਟਕਲਾਂ ਦਰਮਿਆਨ ਜੇ. ਪੀ. ਨੱਢਾ ਨੂੰ ਮਿਲਣ ਪੁੱਜੇ ਤ੍ਰਿਵੇਂਦਰ

ਰਾਵਤ ਦੀ ਕਾਰਜਸ਼ੈਲੀ ਤੋਂ ਨਾਰਾਜ਼ ਸਨ ਵਿਧਾਇਕ ਅਤੇ ਸੰਸਦ ਮੈਂਬਰ
ਦੱਸਿਆ ਜਾਂਦਾ ਹੈ ਕਿ ਇਨ੍ਹਾਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਰਾਵਤ ਦੀ ਕਾਰਜਸ਼ੈਲੀ ਵਿਰੁੱਧ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਸੁਪਰਵਾਈਜ਼ਰ ਰਮਨ ਸਿੰਘ ਬੀਤੇ ਸ਼ਨੀਵਾਰ ਨੂੰ ਦੇਹਰਾਦੂਨ ਦੇ ਕਈ ਵਿਧਾਇਕਾਂ ਨੂੰ ਮਿਲੇ। ਉਨ੍ਹਾਂ ਨੇ ਅਗਵਾਈ ਤਬਦੀਲੀ ਨੂੰ ਲੈਕੇ ਉਨ੍ਹਾਂ ਦੀ ਰਾਏ ਵੀ ਜਾਣੀ। ਇਸ ਰਿਪੋਰਟ ਨੂੰ ਪਾਰਟੀ ਪ੍ਰਧਾਨ ਨੱਢਾ ਨੂੰ ਸੌਂਪਿਆ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਰਾਵਤ ਨੂੰ ਦਿੱਲੀ ਤਲਬ ਕੀਤਾ। ਸਾਲ 2017 ਦੀਆਂ  ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਧਾਨ ਸਭਾ ਦੀਆਂ 70 ਸੀਟਾਂ 'ਚੋਂ 57 'ਤੇ ਜਿੱਤ ਦਰਜ ਕੀਤੀ। ਇਸ ਬੰਪਰ ਜਿੱਤ ਤੋਂ ਬਾਅਦ ਰਾਵਤ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਹੁਣ ਸਮਝ ਆਇਆ ਸਿੰਧੀਆ ਦੇ ਬਿਨਾਂ ਕਾਂਗਰਸ ਜ਼ੀਰੋ ਹੈ : ਨਰੋਤਮ ਮਿਸ਼ਰਾ

ਤਿਵਾੜੀ ਨੂੰ ਛੱਡ ਕਿਸੇ ਨੇ ਪੂਰਾ ਨਹੀਂ ਕੀਤਾ ਕਾਰਜਕਾਲ
ਉਤਰਾਖੰਡ ਦੀ ਰਾਜਨੀਤੀ ਬਾਰੇ ਇਹ ਦਿਲਚਸਪ ਹੈ ਕਿ ਨਾਰਾਇਣਦੱਤ ਤਿਵਾੜੀ ਨੂੰ ਛੱਡ ਕੇ ਕਿਸੇ ਨੇ ਵੀ ਮੁੱਖ ਮੰਤਰੀ ਦਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ। ਭਾਜਪਾ ਅਤੇ ਕਾਂਗਰਸ ਚੋਣਾਂ ਤੋਂ ਪਹਿਲਾਂ ਆਪਣਾ ਮੁੱਖ ਮੰਤਰੀ ਬਦਲਦੇ ਰਹੇ ਹਨ। ਉੱਥੇ ਹੀ ਰਾਵਤ ਤੋਂ ਬਾਅਦ ਉਤਰਾਖੰਡ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਸ 'ਤੇ ਰਹੱਸ ਹਾਲੇ ਬਰਕਰਾਰ ਹੈ।


DIsha

Content Editor

Related News