ਯੋਗੀ ਆਦਿੱਤਿਯਨਾਥ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Friday, May 22, 2020 - 12:01 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਪੁਲਸ ਹੈੱਡ ਕੁਆਰਟਰ ਦੇ ਵਟਸਐੱਪ ਨੰਬਰ 'ਤੇ ਭੇਜੀ ਗਈ। ਜਿਸ ਨੰਬਰ ਤੋਂ ਧਮਕੀ ਭਰਿਆ ਮੈਸੇਜ਼ ਆਇਆ ਹੈ, ਪੁਲਸ ਨੇ ਉਸ ਨੰਬਰ ਦੇ ਆਧਾਰ 'ਤੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਇਸ ਮੈਸੇਜ 'ਚ ਯੋਗੀ ਨੂੰ ਇਕ ਖਾਸ ਭਾਈਚਾਰੇ ਦਾ ਦੁਸ਼ਮਣ ਦੱਸਦੇ ਹੋਏ ਧਮਕੀ ਦਿੱਤੀ ਗਈ ਹੈ। ਯੂ.ਪੀ. ਪੁਲਸ ਦੇ 112 ਹੈੱਡ ਕੁਆਰਟਰ 'ਚ ਵੀਰਵਾਰ ਦੇਰ ਰਾਤ ਲਗਭਗ 12.30 ਵਜੇ ਵਟਸਐੱਪ ਮੈਸੇਜ ਆਇਆ। ਇਹ ਮੈਸੇਜ ਇੱਥੋਂ ਦੇ ਸੋਸ਼ਲ ਮੀਡੀਆ ਡੈਸਕ ਨੰਬਰ ਤੇ ਆਇਆ ਸੀ। ਮੈਸੇਜ 'ਚ ਲਿਖਿਆ ਸੀ,''ਮੁੱਖ ਮੰਤਰੀ ਯੋਗੀ ਨੂੰ ਮੈਂ ਬੰਬ ਨਾਲ ਮਾਰਨ ਵਾਲਾ ਹਾਂ।''
ਇਹ ਮੈਸੇਜ ਆਉਣ ਤੋਂ ਬਾਅਦ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਕੀਤੀ ਹੈ। ਪੁਲਸ ਨੇ ਦੱਸਿਆ ਕਿ ਜਿਹੜੇ ਮੋਬਾਇਲ ਨੰਬਰ ਤੋਂ ਧਮਕੀ ਆਈ ਸੀ, ਉਸ ਨੰਬਰ ਦੇ ਆਧਾਰ 'ਤੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਹੁਣ ਰਿਕਾਰਡ ਕੱਢਿਆ ਜਾ ਰਿਹਾ ਹੈ ਕਿ ਇਹ ਨੰਬਰ ਕਿਸ ਦੇ ਨਾਂ ਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ 'ਚ ਕੋਈ ਢਿੱਲ ਨਾ ਦਿੰਦੇ ਹੋਏ ਪੁਲਸ ਨੇ ਐੱਫ.ਆਈ.ਆਰ. ਦਰਜ ਕਰ ਲਈ ਹੈ। ਧਮਕੀ ਦੇਣ ਵਾਲੇ ਦੀ ਤਲਾਸ਼ ਹੋ ਰਹੀ ਹੈ। ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।