ਕੋਰੋਨਾ ਕਰਫਿਊ ’ਚ ਰਿਆਇਤ ਦਾ ਮਤਲਬ ਲਾਪਰਵਾਹੀ ਦੀ ਛੋਟ ਨਹੀਂ: ਯੋਗੀ
Wednesday, Jun 02, 2021 - 01:49 PM (IST)
ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਕੋਰੋਨਾ ਕਰਫਿਊ ਛੋਟ ਦੌਰਾਨ ਲੋਕਾਂ ਵਲੋਂ ਲਾਪਰਵਾਹੀ ਵਰਤਣ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਯੋਗੀ ਨੇ ਕਿਹਾ ਕਿ ਰਿਆਇਤ ਦਾ ਮਤਲਬ ‘ਲਾਪਰਵਾਹੀ’ ਦੀ ਛੋਟ ਹੋਣਾ ਨਹੀਂ ਹੈ। ਸੂਬਾ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਟੀਮ-9 ਦੀ ਬੈਠਕ ’ਚ ਕਿਹਾ ਕਿ ਕੋਰੋਨਾ ਕਰਫਿਊ ਤੋਂ ਛੋਟ ਦਾ ਮਤਲਬ ਲਾਪਰਵਾਹੀ ਦੀ ਛੋਟ ਹੋਣਾ ਨਹੀਂ ਹੈ। ਕਈ ਜ਼ਿਲ੍ਹਿਆਂ ਵਿਚ ਲੋਕਾਂ ਦੇ ਮਾਸਕ ਨਾ ਲਾਉਣ, ਬਜ਼ਾਰਾਂ ਵਿਚ ਗੈਰ-ਜ਼ਰੂਰੀ ਭੀੜ, ਸਮਾਜਿਕ ਦੂਰੀ ਦਾ ਪਾਲਣ ਨਾ ਕਰਨ ਵਰਗੀਆਂ ਜਾਣਕਾਰੀਆਂ ਮਿਲੀਆਂ ਹਨ। ਇਹ ਹਲਾਤ ਕਿਸੇ ਲਈ ਵੀ ਚੰਗੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਜਿੱਤਣ ਲਈ ਹਰ ਇਕ ਨਾਗਰਿਕ ਦਾ ਸਹਿਯੋਗ ਜ਼ਰੂਰੀ ਹੈ। ਪੁਲਸ ਪ੍ਰਸ਼ਾਸਨ ਨੂੰ ਚੌਕਸੀ ਵਧਾਉਣ ਦੀ ਲੋੜ ਹੈ। ਲੋਕਾਂ ਨੂੰ ਜਾਗਰੂਕ ਵੀ ਕਰੋ, ਨਾਲ ਹੀ ਗਸ਼ਤ, ਨਿਰੀਖਣ ਅਤੇ ਲੋੜ ਪੈਣ ’ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਮੁੱਖ ਮੰਤਰੀ ਯੋਗੀ ਨੇ ਹਿਦਾਇਤ ਦਿੱਤੀ ਹੈ ਕਿ ਕੋਰੋਨਾ ਕਰਫਿਊ ਨਾਲ ਜੁੜੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਨਾਈਟ ਕਰਫਿਊ ਨੂੰ ਪ੍ਰਭਾਵੀ ਬਣਾਉਣ ਲਈ ਸ਼ਾਮ 6 ਵਜੇ ਤੋਂ ਹੀ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਸਰਗਰਮ ਹੋ ਜਾਵੇ ਅਤੇ ਕਿਤੇ ਵੀ ਭੀੜ ਦੀ ਸਥਿਤੀ ਨਾ ਬਣੇ। ਪ੍ਰਦੇਸ਼ ਨੇ ਅੱਜ 5 ਕਰੋੜ ਕੋਵਿਡ ਜਾਂਚ ਦਾ ਨਵਾਂ ਰਿਕਾਰਡ ਬਣਾਇਆ ਹੈ। ਇੰਨੀ ਜਾਂਚ ਕਿਸੇ ਵੀ ਹੋਰ ਸੂਬੇ ਵਲੋਂ ਨਹੀਂ ਕੀਤੀ ਗਈ।