UP Election Result 2022: ਰੁਝਾਨਾਂ ’ਚ ਭਾਜਪਾ ਨੂੰ ਮਜ਼ਬੂਤ ਲੀਡ, ਜਾਣੋ ਪਲ-ਪਲ ਦੀ ਖ਼ਬਰ

Thursday, Mar 10, 2022 - 12:01 PM (IST)

ਲਖਨਊ– ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਲੀਡਰਸ਼ਿਪ ਵਿਚ ਸਿਆਸੀ ਰੂਪ ਵਿਚ ਮਹੱਤਵਪੂਰਨ ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਸਰਕਾਰ ਸੱਤਾ ਵਿਚ ਪਰਤ ਆਈ। ਕੁਲ 403 ਸੀਟਾਂ ਵਾਲੇ ਸੂਬੇ ਵਿਚ 202 ਸੀਟਾਂ ਦੇ ਬਹੁਮਤ ਤੋਂ ਕਿਤੇ ਵਧ 269 ਸੀਟਾਂ ਜਿੱਤ ਕੇ ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨੇ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਪਛਾੜ ਦਿੱਤਾ।
ਭਾਜਪਾ ਨੇ 37 ਸਾਲ ਬਾਅਦ ਯੂ. ਪੀ. ਵਿਚ ਪੂਰਨ ਬਹੁਮਤ ਦੀ ਸਰਕਾਰ ਦੀ ਵਾਪਸੀ ਦਾ ਇਤਿਹਾਸ ਰਚ ਦਿੱਤਾ ਹੈ। ਯੋਗੀ ਗੋਰਖਪੁਰ ਸੀਟ ਤੋਂ 1 ਲੱਖ ਤੋਂ ਵਧ ਵੋਟਾਂ ਨਾਲ ਜਿੱਤੇ ਜਦਕਿ ਸਪਾ ਦੇ ਅਖਿਲੇਸ਼ ਯਾਦਵ ਨੇ 67504 ਵੋਟਾਂ ਨਾਲ ਕਰਹਲ ਸੀਟ ’ਤੇ ਜਿੱਤ ਦਰਜ ਦਿੱਤੀ। ਗੌਤਮਬੁੱਧ ਨਗਰ ਜ਼ਿਲੇ ਦੀ ਨੋਇਡਾ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਪੰਕਜ ਸਿੰਘ 1 ਲੱਖ 79 ਹਜ਼ਾਰ ਵੋਟਾਂ ਨਾਲ ਜਿੱਤੇ। ਵਿਧਾਨ ਸਭਾ ਚੋਣਾਂ ਵਿਚ ਇਹ ਕਿਸੇ ਵੀ ਉਮੀਦਵਾਰ ਦੀ ਸਭ ਤੋਂ ਵੱਡੀ ਜਿੱਤ ਹੈ। ਚੋਣਾਂ ਤੋਂ ਐਨ ਪਹਿਲਾਂ ਭਾਜਪਾ ਛੱਡ ਕੇ ਸਪਾ ਵਿਚ ਸ਼ਾਮਲ ਹੋਏ ਸਵਾਮੀ ਪ੍ਰਸਾਦ ਮੌਰਿਆ ਹਾਰ ਗਏ। ਸੂਬੇ ਵਿਚ ਫਿਰ ਤੋਂ ਭਗਵਾ ਲਹਿਰਾਉਣ ਤੋਂ ਬਾਅਦ ਭਾਜਪਾ ਹੈੱਡਕੁਆਰਟਰ ਪੁੱਜੇ ਸੀ. ਐੱਮ. ਯੋਗੀ ਨੇ ਗੁਲਾਲ ਲਾ ਕੇ ਸਾਰੇ ਵਰਕਰਾਂ ਨੂੰ ਇਸ ਵੱਡੀ ਜਿੱਤ ਦੀ ਵਧਾਈ ਦਿੱਤੀ। ਇਸ ਦੌਰਾਨ ਵਰਕਰਾਂ ਵਿਚ ਭਾਰੀ ਉਤਸ਼ਾਹ ਦਿਖਿਆ।

ਇਹ  ਵੀ ਪੜ੍ਹੋ- UP ’ਚ ਫਿਰ ਯੋਗੀ ਦੀ ਸਰਕਾਰ ਜਾਂ ਅਖਿਲੇਸ਼ ਦੇ ਸਿਰ ਸਜੇਗਾ ਤਾਜ? ਅੱਜ ਹੋਵੇਗਾ ਕਿਸਮਤ ਦਾ ਫ਼ੈਸਲਾ

ਸਭ ਤੋਂ ਪਹਿਲਾਂ ਪੋਸਟਲ ਬੈਲਟ ਵੋਟ ਦੀ ਗਿਣਤੀ ਹੋਈ, ਇਸ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐਮ.) ਵਿਚ ਪਈਆਂ ਵੋਟਾਂ ਦੀ ਗਿਣਤੀ ਹੋਈ। ਇਕ ਅਧਿਕਾਰੀ ਨੇ ਦੱਸਿਆ ਕਿ ਸਾਰੇ ਗਿਣਤੀ ਕੇਂਦਰਾਂ 'ਤੇ ਤਿੰਨ-ਪੱਧਰੀ ਸੁਰੱਖਿਆ ਯਕੀਨੀ ਕੀਤੀ ਗਈ ਹੈ। ਦੱਸ ਦੇਈਏ ਕਿ ਯੂ. ਪੀ. ’ਚ 403  ਸੀਟਾਂ ’ਤੇ ਵੋਟਾਂ ਦੀ ਗਿਣਤੀ ਖਤਮ ਹੋ ਗਈ ਹੈ। ਸਾਲ 2017 'ਚ ਭਾਜਪਾ ਨੇ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਪਾਰਟੀ ਨੇ 403 ਵਿਚੋਂ 312 ਸੀਟਾਂ ਜਿੱਤੀਆਂ ਸਨ। ਜਦਕਿ ਸਪਾ ਨੂੰ 47 ਸੀਟਾਂ ਨਾਲ ਸੰਤੋਸ਼ ਕਰਨਾ ਪਿਆ ਸੀ। ਉੱਥੇ ਹੀ ਬਹੁਜਨ ਸਮਾਜ ਪਾਰਟੀ ਨੂੰ 19 ਅਤੇ ਕਾਂਗਰਸ ਨੂੰ ਸਿਰਫ਼ 7 ਸੀਟਾਂ ਮਿਲ ਸਕੀਆਂ ਸਨ। ਸਾਲ 2022 ਦੀਆਂ ਚੋਣਾਂ ਦੇ ਨਤੀਜੇ ਤੋਂ ਬਾਅਦ ਹੁਣ ਯੋਗੀ ਸਰਕਾਰ 'ਤੇ ਤਾਜ ਸਜੇਗਾ।

 

 


Tanu

Content Editor

Related News