ਭ੍ਰਿਸ਼ਟ ਲੋਕਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਜ਼ਰੂਰੀ : ਰਾਸ਼ਟਰਪਤੀ ਮੁਰਮੂ
Friday, Nov 08, 2024 - 05:36 PM (IST)
ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭ੍ਰਿਸ਼ਟ ਲੋਕਾਂ ਦੇ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਦੇਰੀ ਜਾਂ ਕਮਜ਼ੋਰ ਕਾਰਵਾਈ ਨਾਲ ਅਜਿਹੇ ਲੋਕਾਂ ਨੂੰ ਹੱਲਾਸ਼ੇਰੀ ਮਿਲਦੀ ਹੈ। ਉਨ੍ਹਾਂ ਨੇ ਕੇਂਦਰੀ ਚੌਕਸੀ ਕਮਿਸ਼ਨ (ਸੀ. ਵੀ. ਸੀ.) ਦੇ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਸ਼ਵਾਸ ਸਮਾਜਿਕ ਜੀਵਨ ਦਾ ਆਧਾਰ ਹੈ।
ਮੁਰਮੂ ਨੇ ਕਿਹਾ ਕਿ ਇਹ ਏਕਤਾ ਦਾ ਸਰੋਤ ਹੈ। ਸਰਕਾਰ ਦੇ ਕੰਮ ਅਤੇ ਕਲਿਆਣਕਾਰੀ ਯੋਜਨਾਵਾਂ ’ਚ ਲੋਕ-ਵਿਸ਼ਵਾਸ ਸ਼ਾਸਨ ਦੀ ਸ਼ਕਤੀ ਦਾ ਸਰੋਤ ਹੈ। ਭ੍ਰਿਸ਼ਟਾਚਾਰ ਨਾ ਸਿਰਫ ਆਰਥਿਕ ਤਰੱਕੀ ’ਚ ਰੁਕਾਵਟ ਹੈ, ਸਗੋਂ ਇਹ ਸਮਾਜ ’ਚ ਵਿਸ਼ਵਾਸ ਨੂੰ ਵੀ ਘਟਾਉਂਦਾ ਹੈ। ਇਹ ਲੋਕਾਂ ’ਚ ਭਾਈਚਾਰੇ ਦੀ ਭਾਵਨਾ ’ਤੇ ਉਲਟ ਅਸਰ ਪਾਉਂਦਾ ਹੈ।
ਇਸ ਦਾ ਦੇਸ਼ ਦੀ ਏਕਤਾ ਅਤੇ ਅਖੰਡਤਾ ’ਤੇ ਵੀ ਵਿਆਪਕ ਅਸਰ ਪੈਂਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਪਿਛਲੇ 10 ਸਾਲਾਂ ’ਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੇ ਤਹਿਤ 12 ਅਰਬ ਡਾਲਰ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਭ੍ਰਿਸ਼ਟਾਚਾਰ ਨੂੰ ਕਦੇ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਸੁੱਟੇਗੀ।