ਯੂ. ਪੀ. ਏ. ਸਰਕਾਰ ਸਮੇਂ ਡਬਲ ਡਿਜਿਟ ’ਚ ਸੀ ਮਹਿੰਗਾਈ, ਅਸੀਂ 5 ਫੀਸਦੀ ਤੋਂ ਹੇਠਾਂ ਲਿਆਏ : ਸ਼ਾਹ
Wednesday, Mar 06, 2024 - 06:28 PM (IST)
ਮੁੰਬਈ, (ਭਾਸ਼ਾ)- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮਹਿੰਗਾਈ ਦਰ ਨੂੰ 5 ਫੀਸਦੀ ਤੋਂ ਹੇਠਾਂ ਰੱਖਿਆ ਹੈ ਜਦਕਿ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਇਹ ਦੋਹਰੇ ਅੰਕਾਂ ’ਤੇ ਪਹੁੰਚ ਗਈ ਸੀ। ਸ਼ਾਹ ਨੇ ਇਥੇ ‘ਇੰਡੀਆ ਗਲੋਬਲ ਫੋਰਮ’ ਦੇ ਸਾਲਾਨਾ ਨਿਵੇਸ਼ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ 2014 ਤੋਂ ਪਹਿਲਾਂ ਭਾਰਤੀ ਅਰਥਚਾਰੇ ਦੀ ਹਾਲਤ ਨਾਜ਼ੁਕ ਸੀ, ਮਹਿੰਗਾਈ ਬਹੁਤ ਜ਼ਿਆਦਾ ਸੀ ਅਤੇ ਵਿੱਤੀ ਘਾਟਾ ਵੀ ਕਾਬੂ ਤੋਂ ਬਾਹਰ ਸੀ।
ਉਨ੍ਹਾਂ ਕਿਹਾ ਕਿ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ. ਪੀ. ਏ.) ਸਰਕਾਰ ਦੇ ਸਮੇਂ ਔਸਤ ਮਹਿੰਗਾਈ ਦਰ 8.2 ਫੀਸਦੀ ਸੀ ਅਤੇ ਇਸ ਦੇ ਰਾਜ ਦੇ ਪਿਛਲੇ ਤਿੰਨ ਸਾਲਾਂ ਦੌਰਾਨ ਇਹ ਦੋਹਰੇ ਅੰਕਾਂ ’ਤੇ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੌਰਾਨ ਮਹਿੰਗਾਈ ਦੋਹਰੇ ਅੰਕਾਂ ’ਚ ਸੀ ਪਰ ਸਾਡੀ ਸਰਕਾਰ ਨੇ ਇਸ ਨੂੰ 5 ਫੀਸਦੀ ਤੋਂ ਹੇਠਾਂ ਰੋਕ ਦਿੱਤਾ ਹੈ। ਯੂ. ਪੀ. ਏ. ਸਰਕਾਰ ਦੇ ਸਮੇਂ ਦੌਰਾਨ 12 ਲੱਖ ਕਰੋੜ ਰੁਪਏ ਦੇ ਵੱਖ-ਵੱਖ ਘਪਲਿਆਂ ਕਾਰਨ ਦੇਸ਼ ਦਾ ਭਰੋਸਾ ਹਿੱਲ ਗਿਆ ਸੀ ਅਤੇ ਮਿਲੀਭੁਗਤ (ਕ੍ਰੋਨੀ) ਪੂੰਜੀਵਾਦ ਆਪਣੇ ਸਿਖਰ ’ਤੇ ਸੀ।